ਈਵੀਐਮ ਸਬੰਧੀ ਲਾਪਰਵਾਹੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁਧ ਕੀਤੀ ਗਈ ਕਾਰਵਾਈ

ਏਜੰਸੀ

ਖ਼ਬਰਾਂ, ਪੰਜਾਬ

ਈਵੀਐਮ ਸਬੰਧੀ ਲਾਪਰਵਾਹੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁਧ ਕੀਤੀ ਗਈ ਕਾਰਵਾਈ

image

ਵਾਰਾਣਸੀ, 9 ਮਾਰਚ : ਵਾਰਾਣਸੀ ਅਤੇ ਬਰੇਲੀ ਵਿਚ ਇਲੈਕਟ੍ਰਾਨਿਕ ਵੋਟਿੰਗ ਮਸੀਨਾਂ (ਈਵੀਐਮ) ਨਾਲ ਸਬੰਧਤ ਬੇਨਿਯਮੀਆਂ ਅਤੇ ਇਕ ਡੱਬੇ ਤੋਂ ਬੈਲਟ ਸਲਿੱਪਾਂ ਪ੍ਰਾਪਤ ਕਰਨ ਦੇ ਮਾਮਲੇ ਵਿਚ ਸਬੰਧਤ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਗਈ ਹੈ। ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟਰੇਟ ਕੌਸਲ ਰਾਜ ਸ਼ਰਮਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪਾਂਡੇਪੁਰ ਦੀ ਪਹਾੜੀਆ ਮੰਡੀ ਵਿਖੇ ਗਿਣਤੀ ਵਾਲੀ ਥਾਂ ’ਤੇ ਈ.ਵੀ.ਐਮਜ਼ ਦੀ ਗ਼ੈਰ-ਕਾਨੂੰਨੀ ਢੋਆ-ਢੁਆਈ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਈ.ਵੀ.ਐਮਜ਼ ਦੇ ਨੋਡਲ ਅਫ਼ਸਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨਲਿਨੀ ਕਾਂਤ ਸਿੰਘ ਨੂੰ ਈ.ਵੀ.ਐਮ. ਆਵਾਜਾਈ ਵਿਚ ਲਾਪਰਵਾਹੀ ਲਈ ਬੁਧਵਾਰ ਦੇਰ ਰਾਤ ਨੂੰ ਤੁਰਤ ਪ੍ਰਭਾਵ ਨਾਲ ਚੋਣ ਕੰਮ ਤੋਂ ਹਟਾ ਦਿਤਾ ਗਿਆ। ਉਨ੍ਹਾਂ ਦਸਿਆ ਕਿ ਕਾਂਤ ਦੀ ਥਾਂ ’ਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ (ਵਿੱਤ ਤੇ ਮਾਲ) ਸੰਜੇ ਕੁਮਾਰ ਨੂੰ ਈਵੀਐਮ ਇੰਚਾਰਜ ਬਣਾਇਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦਸਿਆ ਕਿ ਮੰਗਲਵਾਰ ਨੂੰ ਈ.ਵੀ.ਐਮਜ਼ ਨੂੰ ਬਦਲਣ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਚੋਣ ਅਬਜ਼ਰਵਰਾਂ ਅਤੇ ਉਮੀਦਵਾਰਾਂ ਦੀ ਹਾਜ਼ਰੀ ਵਿਚ ਦੇਰ ਰਾਤ ਸਾਰੀਆਂ ਮਸ਼ੀਨਾਂ ਦੀ ਚੈਕਿੰਗ ਕੀਤੀ ਗਈ। ਸ਼ਰਮਾ ਨੇ ਦਸਿਆ ਕਿ ਸਾਰੇ ਕੰਟਰੋਲ ਯੂਨਿਟ, ਬੈਲਟ ਯੂਨਿਟ ਅਤੇ ਵੀ.ਵੀ.ਪੈਟ  ਦੀ ਜਾਂਚ ਕਰਾਈ ਗਈ। ਉਨ੍ਹਾਂ ਦਸਿਆ ਕਿ ਇਸ ਦੌਰਾਨ ਜ਼ਿਆਦਾਤਰ ਪਾਰਟੀਆਂ ਦੇ ਉਮੀਦਵਾਰ ਅਤੇ ਅਹੁਦੇਦਾਰ ਹਾਜ਼ਰ ਸਨ ਅਤੇ ਹਾਜ਼ਰ ਉਮੀਦਵਾਰਾਂ ਦੀ ਤਸੱਲੀ ’ਤੇ ਸਾਰੇ 20 ਈ.ਵੀ.ਐਮ ਸੈੱਟ ਬਕਸਿਆਂ ਵਿਚ ਸੀਲ ਕਰ ਦਿਤੇ ਗਏ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਈ.ਵੀ.ਐਮਜ਼ ਗਿਣਤੀ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਲਿਜਾਈਆਂ ਜਾ ਰਹੀਆਂ ਸਨ ਅਤੇ ਇਨ੍ਹਾਂ ਵਿਚੋਂ ਕਿਸੇ ਵੀ ਈ.ਵੀ.ਐਮ ਦੀ ਵਰਤੋਂ ਵੋਟਿੰਗ ਲਈ ਨਹੀਂ ਕੀਤੀ ਗਈ ਸੀ। ਦੂਜੇ ਪਾਸੇ ਮੰਗਲਵਾਰ ਨੂੰ ਸੋਨਭੱਦਰ ਜ਼ਿਲ੍ਹੇ ਦੀ ਗਿਣਤੀ ਵਾਲੀ ਥਾਂ ਦੇ ਬਾਹਰ ਘੋੜਾਵਾਲ ਤਹਿਸੀਲ ਦੇ ਉਪ ਜ਼ਿਲ੍ਹਾ ਮੈਜਿਸਟਰੇਟ ਰਮੇਸ਼ ਕੁਮਾਰ ਦੀ ਗੱਡੀ ਵਿਚੋਂ ਬੈਲਟ ਸਲਿੱਪਾਂ ਮਿਲਣ ਅਤੇ ਇਸ ਨੂੰ ਲੈ ਕੇ ਸਪਾ ਵਰਕਰਾਂ ਵਲੋਂ ਕੀਤੇ ਗਏ ਹੰਗਾਮੇ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੁਮਾਰ ਨੂੰ ਅਹੁਦੇ ਤੋਂ ਹਟਾ ਦਿਤਾ ਗਿਆ ਹੈ। (ਏਜੰਸੀ)