ਦੇਸ਼ ’ਚ 12 ਤੋਂ 17 ਸਾਲ ਦੇ ਬੱਚਿਆਂ ਲਈ ‘ਕੋਵੋਵੈਕਸ ਟੀਕੇ’ ਨੂੰ ਮਨਜ਼ੂਰੀ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ’ਚ 12 ਤੋਂ 17 ਸਾਲ ਦੇ ਬੱਚਿਆਂ ਲਈ ‘ਕੋਵੋਵੈਕਸ ਟੀਕੇ’ ਨੂੰ ਮਨਜ਼ੂਰੀ

image

ਨਵੀਂ ਦਿੱਲੀ, 9 ਮਾਰਚ : ਭਾਰਤੀ ਡਰੱਗ ਰੈਗੂਲੇਟਰ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਐਂਟੀ ਕੋਵਿਡ-19 ਵੈਕਸੀਨ ‘ਕੋਵੋਵੈਕਸ’ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿਤੀ ਹੈ। ਬੁਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰਤ ਸੂਤਰਾਂ ਨੇ ਦਸਿਆ ਕਿ ਇਹ ਟੀਕਾ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ। ਦੇਸ਼ ਵਿਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਉਪਲੱਬਧ ਇਹ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀ ਚੌਥੀ ਵੈਕਸੀਨ ਹੋਵੇਗੀ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਕੋਵਿਡ-19 ’ਤੇ ਮਾਹਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਕੋਵੋਵੈਕਸ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿਤੀ ਹੈ।
ਦਸਣਯੋਗ ਹੈ ਕਿ ਸਰਕਾਰ ਨੇ ਅਜੇ ਤਕ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਟੀਕਾਕਰਨ ਕਰਨ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਸੀਰਮ ਇੰਸਟੀਚਿਊਟ ਦੇ ਡਾਇਰੈਕਟਰ (ਸਰਕਾਰੀ ਅਤੇ ਰੈਗੂਲੇਟਰੀ ਮਾਮਲੇ) ਪ੍ਰਕਾਸ਼ ਕੁਮਾਰ ਸਿੰਘ ਨੇ 21 ਫ਼ਰਵਰੀ ਨੂੰ ਡੀ. ਸੀ. ਜੀ. ਆਈ. ਨੂੰ ਦਿਤੀ ਅਰਜ਼ੀ ਵਿਚ ਕਿਹਾ ਕਿ 12 ਤੋਂ 17 ਸਾਲ ਦੀ ਉਮਰ ਦੇ ਲਗਭਗ 2707 ਬੱਚਿਆਂ ’ਤੇ ਕੀਤੇ ਗਏ ਦੋ ਅਧਿਐਨਾਂ ਤੋਂ ਪਤਾ ਲਗਦਾ ਹੈ ਕਿ ਕੋਵੋਵੈਕਸ ਵਧੇਰੇ ਪ੍ਰਭਾਵੀ ਹੈ ਅਤੇ ਵਧੇਰੇ ਪ੍ਰਤੀਰੋਧਕ (ਇਮਿਊਨਿਟੀ) ਸ਼ਕਤੀ ਪੈਦਾ ਕਰਦਾ ਹੈ। ਇਹ ਇਕ ਸੁਰੱਖਿਅਤ ਵੈਕਸੀਨ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਉਮਰ ਵਰਗ ਦੇ ਬੱਚੇ ਇਸ ਟੀਕੇ ਨੂੰ ਚੰਗੀ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਨ।
ਇਕ ਅਧਿਕਾਰਤ ਸੂਤਰ ਮੁਤਾਬਕ ਅਰਜ਼ੀ ’ਚ ਪ੍ਰਕਾਸ਼ ਕੁਮਾਰ ਵਲੋਂ ਕਿਹਾ ਗਿਆ ਸੀ ਕਿ ਇਹ ਮਨਜ਼ੂਰੀ ਨਾ ਸਿਰਫ਼ ਸਾਡੇ ਦੇਸ਼ ਲਈ ਫਾਇਦੇਮੰਦ ਹੋਵੇਗੀ ਸਗੋਂ ਪੂਰੀ ਦੁਨੀਆਂ ਨੂੰ ਇਸ ਦਾ ਫ਼ਾਇਦਾ ਹੋਵੇਗਾ। ਸਿੰਘ ਨੇ ਕਿਹਾ, “ਇਹ ਸਾਡੇ ਪ੍ਰਧਾਨ ਮੰਤਰੀ ਦੇ ‘ਮੇਕਿੰਗ ਇਨ ਇੰਡੀਆ ਫਾਰ ਦਿ ਵਰਲਡ’ ਦੇ ਵਿਜ਼ਨ ਦੇ ਅਨੁਸਾਰ ਹੈ। ਸਾਡੇ ਸੀ.ਈ.ਓ ਡਾ.ਅਦਾਰ ਪੂਨਾਵਾਲਾ ਦੇ ਦਿ੍ਰਸ਼ਟੀਕੋਣ ਮੁਤਾਬਕ ਮੈਨੂੰ ਯਕੀਨ ਹੈ ਕਿ ਕੋਵੋਵੈਕਸ ਦੇਸ਼ ਅਤੇ ਦੁਨੀਆਂ ਦੇ ਵੱਡੇ ਪੱਧਰ ’ਤੇ ਬੱਚਿਆਂ ਨੂੰ ਕੋਵਿਡ-19 ਬੀਮਾਰੀ ਤੋਂ ਬਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ।                          (ਏਜੰਸੀ)

 ਭਾਰਤ ਬਾਇਓਟੈਕ ਦੀ ਵੈਕਸੀਨ ‘ਕੋਵੈਕਸੀਨ’ ਭਾਰਤ ਵਿਚ 15-18 ਸਾਲ ਦੀ ਉਮਰ ਦੇ ਬਾਲਗ਼ਾਂ ਨੂੰ ਟੀਕਾਕਰਨ ਲਈ ਵਰਤੀ ਜਾ ਰਹੀ ਹੈ।    (ਏਜੰਸੀ)