ਸ਼ਹਿਰਾਂ ਦੀਆਂ ਸੜਕਾਂ ਤੇ ਲਾਸ਼ਾਂ ਨੂੰ ਘੜੀਸ ਰਹੇ ਨੇ ਕੁੱਤੇ : ਯੂਕਰੇਨੀ ਅਧਿਕਾਰੀ
ਸ਼ਹਿਰਾਂ ਦੀਆਂ ਸੜਕਾਂ ਤੇ ਲਾਸ਼ਾਂ ਨੂੰ ਘੜੀਸ ਰਹੇ ਨੇ ਕੁੱਤੇ : ਯੂਕਰੇਨੀ ਅਧਿਕਾਰੀ
ਕਿਹਾ, ਰੂਸੀ ਜਹਾਜ਼ਾਂ ਨੇ ਪੂਰੀ ਰਾਤ ਸ਼ਹਿਰਾਂ ਤੇ ਕੀਤੀ ਬੰਬਾਰੀ, ਪ੍ਰਮਾਣੂ ਪਲਾਂਟ ਵੀ ਕੀਤਾ ਤਬਾਹ
ਲਵੀਵ, 8 ਮਾਰਚ : ਰੂਸੀ ਜਹਾਜ਼ਾਂ ਨੇ ਪੂਰੀ ਰਾਤ ਪੂਰਬੀ ਅਤੇ ਮੱਧ ਯੂਕਰੇਨ ਦੇ ਸ਼ਹਿਰਾਂ 'ਤੇ ਬੰਬ ਸੁੱਟੇ | ਯੂਕਰੇਨ ਦੇ ਅਧਿਕਾਰੀਆਂ ਨੇ ਦਸਿਆ ਕਿ ਰਾਜਧਾਨੀ ਕੀਵ ਦੇ ਉਪਨਗਰਾਂ ਵਿਚ ਵੀ ਗੋਲਾਬਾਰੀ ਕੀਤੀ ਗਈ | ਖੇਤਰੀ ਨੇਤਾ ਦਿਮਿਤਰੋ ਜੀਵਿਤਸਕੀ ਨੇ ਕਿਹਾ ਕਿ ਰੂਸੀ ਸਰਹੱਦ ਨੇੜੇ ਕੀਵ ਦੇ ਪੂਰਬ ਵਿਚ ਸੁਮੀ ਅਤੇ ਓਖਤਿਰਕਾ ਸ਼ਹਿਰਾਂ ਵਿਚ ਰਿਹਾਇਸ਼ੀ ਇਮਾਰਤਾਂ 'ਤੇ ਬੰਬ ਸੁੱਟੇ ਗਏ ਅਤੇ ਇਕ ਪ੍ਰਮਾਣੂ ਪਲਾਂਟ ਨੂੰ ਤਬਾਹ ਕਰ ਦਿਤਾ ਗਿਆ | ਉਸ ਨੇ ਕਿਹਾ ਕਿ ਕੁੱਝ ਲੋਕਾਂ ਦੀ ਮੌਤ ਹੋਈ ਹੈ ਅਤੇ ਕੁੱਝ ਜ਼ਖ਼ਮੀ ਵੀ ਹੋਏ ਹਨ ਪਰ ਉਨ੍ਹਾਂ ਨੇ ਗਿਣਤੀ ਨਹੀਂ ਦੱਸੀ |
ਕੀਵ ਦੇ ਪਛਮ ਵਿਚ ਝਿਤੋਮੀਰ ਅਤੇ ਨੇੜਲੇ ਸ਼ਹਿਰ ਚੇਰਨੀਆਖਯੇਵ ਵਿਚ ਤੇਲ ਡਿਪੂਆਂ 'ਤੇ ਵੀ ਬੰਬ ਸੁੱਟੇ ਗਏ | ਬੁਚਾ ਦੇ ਕੀਵ ਉਪਨਗਰ ਵਿਚ ਮੇਅਰ ਨੇ ਕਿਹਾ ਕਿ ਭਾਰੀ ਗੋਲਾਬਾਰੀ ਹੋਈ | ਮੇਅਰ ਅਨਾਤੋਲ ਫੇਡੋਰੂਕ ਨੇ ਕਿਹਾ ਕਿ ਅਸੀਂ ਭਾਰੀ ਹਥਿਆਰਾਂ ਨਾਲ ਦਿਨ-ਰਾਤ ਹੋ ਰਹੀ ਗੋਲਾਬਾਰੀ ਕਾਰਨ ਲਾਸ਼ਾਂ ਨੂੰ ਇਕੱਠਾ ਨਹੀਂ ਕਰ ਸਕੇ | ਸ਼ਹਿਰ ਦੀਆਂ ਸੜਕਾਂ 'ਤੇ ਕੁੱਤੇ ਲਾਸ਼ਾਂ ਨੂੰ ਘੜੀਸ ਰਹੇ ਹਨ | ਇਹ ਇਕ ਡਰਾਉਣਾ ਸੁਪਨਾ ਹੈ | ਯੂਕਰੇਨ ਦੀ ਸਰਕਾਰ ਲੋਕਾਂ ਨੂੰ ਕੀਵ ਦੇ ਉਪਨਗਰਾਂ ਵਿਚੋਂ ਸੁਰੱਖਿਅਤ ਢੰਗ ਨਾਲ ਲੰਘਣ ਦੀ ਇਜਾਜ਼ਤ ਦੇਣ ਲਈ
ਇਕ ਮਾਨਵਤਾਵਾਦੀ ਲਾਂਘਾ ਖੋਲ੍ਹਣ ਦੀ ਮੰਗ ਕਰ ਰਹੀ ਹੈ, ਜਿਸ ਵਿਚ ਸੁਮੀ, ਝਿਤੋਮਿਰ, ਖਾਰਕੀਵ, ਮਾਰੀਉਪੋਲ ਅਤੇ ਬੁਚਾ ਸ਼ਾਮਲ ਹਨ |
ਲਵੀਵ ਦੇ ਮੇਅਰ ਨੇ ਕਿਹਾ ਕਿ ਪਛਮੀ ਯੂਕਰੇਨ ਦਾ ਸ਼ਹਿਰ ਹਜ਼ਾਰਾਂ ਲੋਕਾਂ ਨੂੰ ਭੋਜਨ ਅਤੇ ਆਸਰਾ ਦੇਣ ਲਈ ਜੂਝ ਰਿਹਾ ਹੈ ਜੋ ਦੇਸ਼ ਦੇ ਯੁੱਧ ਪ੍ਰਭਾਵਤ ਖੇਤਰਾਂ ਤੋਂ ਭੱਜ ਗਏ ਹਨ | ਮੇਅਰ ਐਂਡਰੀ ਸਡੋਵੀ ਨੇ ਕਿਹਾ ਕਿ ਸਾਨੂੰ ਸੱਚਮੁੱਚ ਸਹਾਇਤਾ ਦੀ ਲੋੜ ਹੈ | ਅਪਣੇ ਘਰਾਂ ਤੋਂ ਬੇਘਰ ਹੋਏ 200,000 ਤੋਂ ਵਧ ਯੂਕਰੇਨੀਅਨ ਹੁਣ ਲਵੀਵ ਵਿਚ ਹਨ, ਜਿਥੇ ਰਹਿਣ ਲਈ ਖੇਡ ਆਡੀਟੋਰੀਅਮ, ਸਕੂਲ, ਹਸਪਤਾਲ ਅਤੇ ਗਿਰਜਾਘਰ ਦੀਆਂ ਇਮਾਰਤਾਂ ਘੱਟ ਰਹੀਆਂ ਹਨ | ਇਹ ਇਤਿਹਾਸਕ ਸ਼ਹਿਰ, ਸੈਲਾਨੀਆਂ ਵਿਚ ਪ੍ਰਸਿੱਧ ਹੈ, ਯੁੱਧ ਤੋਂ ਪਹਿਲਾਂ 700,000 ਲੋਕਾਂ ਦਾ ਘਰ ਸੀ |
ਮੇਅਰ ਨੇ ਕਿਹਾ ਕਿ ਸ਼ਹਿਰ ਨੂੰ ਰਸੋਈਆਂ ਨਾਲ ਲੈਸ ਵੱਡੇ ਟੈਂਟਾਂ ਦੀ ਜ਼ਰੂਰਤ ਹੈ ਤਾਂ ਜੋ ਖਾਣਾ ਪਕਾਇਆ ਜਾ ਸਕੇ | ਜੇਕਰ ਰੂਸੀ ਫ਼ੌਜ ਦੁਆਰਾ ਹਮਲਾ ਕੀਤੇ ਗਏ ਸ਼ਹਿਰਾਂ ਤੋਂ ਮਾਨਵਤਾਵਾਦੀ ਲਾਂਘਾ ਖੋਲਿ੍ਹਆ ਜਾਂਦਾ ਹੈ ਤਾਂ ਹਜ਼ਾਰਾਂ ਹੋਰ ਲੋਕ ਆ ਸਕਦੇ ਹਨ | ਹਮਲੇ ਤੋਂ ਪਹਿਲਾਂ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਦੂਤਘਰ ਕੀਵ ਤੋਂ ਲਵੀਵ ਚਲੇ ਗਏ ਸਨ | ਪੋਲੈਂਡ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਲਈ ਲਵੀਵ ਮੁੱਖ ਆਵਾਜਾਈ ਕੇਂਦਰ ਹੈ | ਹੁਣ ਵਿਦੇਸ਼ਾਂ ਵਿਚ ਰਹਿ ਰਹੇ ਯੂਕਰੇਨ ਦੇ 17 ਲੱਖ ਤੋਂ ਵਧ ਲੋਕ ਇਸ ਸ਼ਹਿਰ ਵਿਚੋਂ ਲੰਘੇ ਹਨ | ਸੰਯੁਕਤ ਰਾਸ਼ਟਰ ਨੇ ਸਥਿਤੀ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿਚ ਸੱਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਰਨਾਰਥੀ ਸੰਕਟ ਵਜੋਂ ਦਰਸ਼ਾਇਆ ਹੈ | (ਏਜੰਸੀ)