ਸਿਖਰਲੀ ਅਦਾਲਤ ਨੇ ਰਾਜੀਵ ਗਾਂਧੀ ਦੇ ਕਾਤਲ ਨੂੰ ਦਿਤੀ ਜ਼ਮਾਨਤ

ਏਜੰਸੀ

ਖ਼ਬਰਾਂ, ਪੰਜਾਬ

ਸਿਖਰਲੀ ਅਦਾਲਤ ਨੇ ਰਾਜੀਵ ਗਾਂਧੀ ਦੇ ਕਾਤਲ ਨੂੰ ਦਿਤੀ ਜ਼ਮਾਨਤ

image

ਨਵੀਂ ਦਿੱਲੀ, 9 ਮਾਰਚ : ਸਿਖਰਲੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਏ.ਜੀ. ਪਰਾਰਿਵਲਨ ਦੀ ਜ਼ਮਾਨਤ ਬੁਧਵਾਰ ਨੂੰ ਮਨਜ਼ੂਰ ਕਰ ਲਈ। ਜਸਟਿਸ ਐਲ.ਨਾਗੇਸ਼ਵਰ ਰਾਉ ਅਤੇ ਜਸਟਿਸ ਬੀ.ਆਰ. ਗਵਈ ਦੇ ਬੈਂਚ ਨੇ ਉਨ੍ਹਾਂ ਦਲੀਲਾਂ ਦਾ ਨੋਟਿਸ ਲਿਆ, ਜਿਸ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਪੇਰਾਰਿਵਲਨ 30 ਸਾਲ ਤਕ ਜੇਲ ਵਿਚ ਰਿਹਾ ਹੈ ਅਤੇ ਉਸਦਾ ਵਿਵਹਾਰ ਤੰਤੋਸ਼ਜਨਕ ਰਿਹਾ ਹੈ, ਭਾਵੇਂ ਉਹ ਜੇਲ ਦੇ ਅੰਦਰ ਹੋਵੇ ਜਾਂ ਪੈਰੋਲ ਦੀ ਮਿਆਦ ਦੌਰਾਨ। ਬੈਂਚ ਨੇ ਪੇਰਾਰਿਵਲਨ ਨੂੰ ਹਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਚੇਨਈ ਦੇ ਨੇੜੇ ਸਥਾਨਕ ਪੁਲਿਸ ਸਟੇਸ਼ਨ ਵਿਚ ਰੀਪੋਰਟ ਕਰਨ ਦਾ ਨਿਰਦੇਸ਼ ਦਿਤਾ ਅਤੇ ਕਿਹਾ ਕਿ ਪਟੀਸ਼ਨਰ ਦੀ ਜ਼ਮਾਨਤ ’ਤੇ ਰਿਹਾਈ ਲਈ ਉਥੇ ਦੀ ਸਥਾਨਕ ਅਦਾਲਤ ਵਾਧੂ ਸ਼ਰਤਾਂ ਨਿਰਧਾਰਤ ਕਰੇਗੀ।
 ਸਿਖਰਲੀ ਅਦਾਲਤ ਨੇ ਅਪਣੇ ਆਦੇਸ਼ ਵਿਚ ਕਿਹਾ ਹੈ, ‘‘ਇਸ ਤੱਥ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ ਕਿ ਪਟੀਸ਼ਨਰ ਨੇ 32 ਸਾਲ ਜੇਲ ਵਿਚ ਕੱਟੇ ਹਨ ਹਨ। ਸਾਨੂੰ ਦਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਉਸ ਨੂੰ ਤਿੰਨ ਵਾਰ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ ਅਤੇ ਉਸ ਦੇ ਵਿਰੁਧ ਉਸ ਦੌਰਾਨ ਕੋਈ ਸ਼ਿਕਾਇਤ ਨਹੀਂ ਮਿਲੀ।’’ ਬੈਂਚ ਨੇ ਇਸ ਗੱਲ ’ਤੇ ਵੀ ਵਿਚਾਰ ਕੀਤਾ ਕਿ ਪੇਰਾਰਿਵਲਨ ਨੇ ਉਮਰ ਕੈਦ ਦੌਰਾਨ ਵਿਦਿਅਕ ਯੋਗਤਾ ਵੀ ਹਾਸਲ ਕੀਤੀ ਹੈ ਅਤੇ ਉਹ ਖ਼ਰਾਬ ਸਿਹਤ ਨਾਲ ਜੂਝ ਰਿਹਾ ਹੈ। ਬੈਂਚ ਨੇ ਕਿਹਾ, ‘‘ਇਸ ਤੱਥ ਨੂੰ ਧਿਆਨ ਵਿਚ ਰੱਖ ਕੇ ਪਟੀਸ਼ਨਰ ਨੇ 30 ਸਾਲ ਤੋਂ ਵਧ ਜੇਲ ਵਿਚ ਕੱਟ ਲਏ ਹਨ, ਸਾਡਾ ਵਿਚਾਰ ਹੈ ਕਿ ਕੇਂਦਰ ਵਲੋਂ ਪੇਸ਼ ਵਧੀਕ ਸਾਲੀਸਿਟਰ ਜਨਰਲ ਦੇ ਪੁਰਜ਼ੋਰ ਵਿਰੋਧ ਦੇ ਬਾਵਜੂਦ ਉਹ ਜ਼ਮਾਨਤ ’ਤੇ ਰਿਹਾ ਹੋਣ ਦਾ ਹੱਕਦਾਰ ਹੈ, ਜੋ ਵਿਸ਼ੇਸ਼ ਇਜਾਜ਼ਤ ਪਟੀਸ਼ਨਾਂ ਦੇ ਅੰਤਮ ਨਿਪਟਾਰੇ ’ਤੇ ਨਿਰਭਰ ਕਰੇਗਾ।’’
  ਅਦਾਲਤ 47 ਸਾਲਾ ਪੇਰਾਰਿਵਲਨ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਉਸ ਨੇ ਐਮਡੀਐਮਏ ਜਾਂਚ ਪੂਰ ਹੋਣ ਤਕ ਉਮਰ ਕੈਦ ਦੀ ਸਜ਼ਾ  ਰੱਦ ਕਰਨ ਦੀ ਅਪੀਲ ਕੀਤੀ ਹੈ। ਦਸਣਯੋਗ ਹੈ ਕਿ ਰਾਜੀਵ ਗਾਂਧੀ ਦਾ ਕਤਲ 21 ਮਈ, 1991 ਨੂੰ ਤਮਿਲਨਾਡੂ ਦੇ ਸ਼੍ਰੀਪੇਰੂਮਬਦੂਰ ਵਿਚ ਇਕ ਚੋਣ ਰੈਲੀ ਦੌਰਾਨ ਮਹਿਲਾ ਆਤਮਘਾਤੀ ਧਮਾਕੇ ਰਾਹੀਂ ਕਰ ਦਿਤਾ ਗਿਆ ਸੀ। ਆਤਮਘਾਤੀ ਮਹਿਲਾ ਦੀ ਪਹਿਚਾਣ ਧਨੁ ਵਜੋਂ ਹੋ ਗਈ ਸੀ। ਧਨੁ ਸਮੇਤ 14 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਅਦਾਲਤ ਨੇ ਮਈ 1999 ਦੇ ਆਦੇਸ਼ ਵਿਚ ਚਾਰ ਦੋਸ਼ੀਆਂ ਪੇਰਾਰਿਵਲਨ, ਮੁਰੁਗਨ, ਸੰਥਨ ਅਤੇ ਨਲਿਨੀ ਨੂੰ ਮੌਤ ਦੀ ਸਜ਼ਾ ਬਰਕਰਾਰ ਰੱਖੀ ਸੀ। ਚੋਟੀ ਦੀ ਅਦਾਲਤ ਨੇ 18 ਫ਼ਰਵਰੀ 2014 ਨੂੰ ਪੇਰਾਰਿਵਲਨ, ਸੰਥਨ ਅਤੇ ਮੁਰੁਗਨ ਦੀ ਮੌਤ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਵਿਚ ਤਬਦੀਲ ਕਰ ਦਿਤਾ ਸੀ। 
                    (ਏਜੰਸੀ)