ਭਾਜਪਾ ਗਠਜੋੜ ਦੀ ਸੁਰ ਨਰਮ ਪਈ ਪਰ ਕਾਂਗਰਸ ਹਾਲੇ ਵੀ ਸਰਕਾਰ ਬਣਾਉਣ ਦੇ ਦਾਅਵੇ 'ਤੇ ਕਾਇਮ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਗਠਜੋੜ ਦੀ ਸੁਰ ਨਰਮ ਪਈ ਪਰ ਕਾਂਗਰਸ ਹਾਲੇ ਵੀ ਸਰਕਾਰ ਬਣਾਉਣ ਦੇ ਦਾਅਵੇ 'ਤੇ ਕਾਇਮ

image

 


ਚੰਡੀਗੜ੍ਹ, 8 ਮਾਰਚ (ਗੁਰਉਪਦੇਸ਼ ਭੁੱਲਰ): ਵੱਖ ਵੱਖ ਚੈਨਲਾਂ ਵਲੋਂ ਐਗਜ਼ਿਟ ਪੋਲ ਦੇ ਨਾਂ ਥੱਲੇ ਕਰਵਾਏ ਗਏ ਬਹੁਤੇ ਚੋਣ ਸਰਵੇਖਣਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ  ਬਹੁਮਤ ਮਿਲਣ ਦੇ ਪੇਸ਼ ਕੀਤੇ ਗਏ ਅੰਕੜਿਆਂ ਬਾਅਦ ਸੂਬੇ ਦੇ ਸਿਆਸੀ ਮਾਹੌਲ ਵਿਚ ਇਕਦਮ ਬਦਲਾਅ ਆਇਆ ਹੈ | ਚੋਣ ਮੁਹਿੰਮ ਦੌਰਾਨ ਅਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਭਾਜਪਾ ਦੇ ਪ੍ਰਮੁੱਖ ਆਗੂਆਂ ਦੀ ਸੁਰ ਵੀ ਹੁਣ ਚੋਣ ਸਰਵੇਖਣਾਂ ਬਾਅਦ ਨਰਮ ਹੋ ਗਈ ਹੈ | ਪਰ ਦੂਜੇ ਪਾਸੇ ਕਾਂਗਰਸ ਹਾਲੇ ਵੀ ਸਰਕਾਰ ਬਣਾਉਣ ਦੇ ਅਪਣੇ ਦਾਅਵੇ ਉਪਰ ਕਾਇਮ ਹੈ |
ਬਾਦਲ ਦਲ ਦੇ ਆਗੂ ਵੀ ਭਾਵੇਂ ਦਬਵੀਂ ਆਵਾਜ਼ ਵਿਚ ਦਾਅਵੇ ਤਾਂ ਕਰ ਰਹੇ ਹਨ ਪਰ ਉਨ੍ਹਾਂ ਦੇ ਬਿਆਨਾਂ ਵਿਚ ਜ਼ਿਆਦਾ ਉਤਸ਼ਾਹ ਨਹੀਂ ਦਿਸਦਾ ਅਤੇ ਸੁਖਬੀਰ ਬਾਦਲ ਵੀ ਹੁਣ ਖੁਲ੍ਹ ਕੇ ਦਾਅਵਾ ਨਹੀਂ ਕਰ ਰਹੇ | ਸਿਰਫ਼ ਦੂਜੀ ਤੇ ਤੀਜੀ ਕਤਾਰ ਦੇ ਕੁੱਝ ਆਗੂ ਹੀ ਚੋਣ ਸਰਵੇਖਣਾਂ ਨੂੰ  ਲੈ ਕੇ ਟਿਪਣੀਆਂ ਕਰ ਰਹੇ ਹਨ |
ਜੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਹੌਂਸਲਾ ਹੁਣ ਚੋਣ ਸਰਵੇਖਣਾਂ ਦੇ ਨਤੀਜਿਆਂ ਨਾਲ ਹੋਰ ਵਧ ਗਿਆ ਹੈ ਅਤੇ ਉਨ੍ਹਾਂ ਸਪੱਸ਼ਟ ਬਹੁਮਤ ਹਾਸਲ ਕਰ ਕੇ ਸਰਕਾਰ ਬਣਾਉਣ
ਲਈ ਪੂਰੇ ਭਰੋਸੇ ਨਾਲ ਭਰੇ ਹੋਏ ਹਨ ਪਰ ਉਨ੍ਹਾਂ ਦਾ ਬਹੁਤਾ ਧਿਆਨ ਹੁਣ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਵਲ ਹੈ | ਉਨ੍ਹਾਂ ਨੂੰ  ਸ਼ੰਕਾ ਹੈ ਕਿ ਕੋਈ ਗੜਬੜ ਨਾ ਹੋ ਜਾਵੇ | ਗਿਣਤੀ ਕੇਂਦਰਾਂ ਸਾਹਮਣੇ ਪੱਕੇ ਤੰਬੂ ਲਾ ਕੇ ਆਪ ਵਲੰਟੀਅਰ ਦਿਨ ਰਾਤ ਪਹਿਰਾ ਦੇ ਰਹੇ ਹਨ | ਭਾਜਪਾ ਨੂੰ  ਭਾਵੇਂ ਚੋਣ ਨਤੀਜਿਆਂ ਦਾ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ ਪਰ ਹੁਣ ਚੋਣ ਸਰਵੇਖਣਾਂ ਬਾਅਦ ਹੋਰ ਚਾਨਣ ਹੋ ਗਿਆ ਹੈ | ਭਾਜਪਾ ਦੇ ਪ੍ਰਮੁੱਖ ਆਗੂ ਹਰਜੀਤ ਗਰੇਵਾਲ ਨੇ ਬੜੇ ਹੀ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਜੇ 'ਆਪ' ਦੀ ਜਿੱਤ ਹੁੰਦੀ ਹੈ ਤਾਂ ਇਸ ਦਾ ਸਵਾਗਤ ਕਰਨਗੇ ਅਤੇ ਭਾਜਪਾ ਵਿਰੋਧੀ ਧਿਰ ਵਿਚ ਬੈਠ ਕੇ ਵੀ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਤਿਆਰ ਹੈ | ਉਨ੍ਹਾਂ ਇਹ ਜ਼ਰੂਰ ਕਿਹਾ ਕਿ ਇਸ ਵਾਰ ਪਹਿਲਾਂ ਤੋਂ ਭਾਜਪਾ ਬਿਹਤਰ ਕਰੇਗੀ | ਇਸੇ ਤਰ੍ਹਾਂ ਭਾਜਪਾ ਗਠਜੋੜ ਦੀ ਭਾਈਵਾਲ ਪਾਰਟੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਹ ਨਾ ਤਾਂ ਚੋਣ ਸਰਵੇਖਣਾਂ ਨੂੰ  ਰੱਦ ਕਰਦੇ ਹਨ ਤੇ ਨਾ ਹੀ ਸਹਿਮਤ ਹਨ |
ਉਨ੍ਹਾਂ ਇਹ ਵੀ ਕਿਹਾ ਕਿ ਅਸੀ ਕਦੇ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਕੀਤਾ ਅਤੇ 10 ਮਾਰਚ ਨੂੰ  ਹੀ ਅਗਲੀ ਰਣਨੀਤੀ ਬਣੇਗੀ | ਕਿਸੇ ਨੂੰ  ਬਹੁਮਤ ਨਾ ਮਿਲਣ ਹੋਰਨਾਂ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਬਦਲ 'ਤੇ ਸੋਚਿਆ ਜਾਵੇਗਾ | ਕੈਪਟਨ ਵੀ ਕਹਿ ਚੁੱਕੇ ਹਨ ਕਿ ਮੈਂ ਕੋਈ ਪੰਡਤ ਨਹੀਂ ਕਿ ਨਤੀਜਿਆਂ ਦੀ ਭਵਿੱਖਬਾਣੀ ਕਰ ਸਕਾਂ | ਪਰ ਕਾਂਗਰਸ ਜਿਥੇ ਚੋਣ ਸਰਵੇਖਣਾਂ ਨੂੰ  ਮੁੱਢੋਂ ਰੱਦ ਕਰ ਰਹੀ ਹੈ, ਉਥੇ ਬਹੁਮਤ ਨਾਲ ਸਰਕਾਰ ਬਣਾਉਣ ਦੇ ਦਾਅਵੇ ਉਪਰ ਵੀ ਕਾਇਮ ਹੈ | ਭਾਵੇਂ ਚੋਣ ਸਰਵੇਖਣਾਂ ਨੂੰ  ਮੁੱਖ ਮੰਤਰੀ ਚੰਨੀ ਨੇ ਬੀਤੇ ਦਿਨ ਹੀ ਰੱਦ ਕਰ ਦਿਤਾ ਸੀ ਪਰ ਅੱਜ ਕਾਂਗਰਸ ਵਲੋਂ ਪਾਰਟੀ ਦੇ ਬੁਲਾਰੇ ਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਦਾਅਵਾ ਕੀਤਾ ਕਿ 60 ਸੀਟਾਂ ਲੈ ਕੇ ਸਰਕਾਰ ਬਣਾਵਾਂਗੇ | ਉਨ੍ਹਾਂ ਕਿਹਾ ਕਿ ਚੋਣ ਸਰਵੇਖਣ 2017 ਵਿਚ ਵੀ ਗ਼ਲਤ ਸਾਬਤ ਹੋਏ ਸਨ ਅਤੇ ਪਛਮੀ ਬੰਗਾਲ ਚੋਣਾਂ ਵਿਚ ਵੀ ਗ਼ਲਤ ਸਾਬਤ ਹੋਏ ਹਨ |

ਡੱਬੀ
ਕੈਪਟਨ ਤੇ ਸ਼ੇਖਾਵਤ ਨੇ ਸੰਭਾਵੀ ਨਤੀਜਿਆਂ 'ਤੇ ਕੀਤੀ ਚਰਚਾ
ਬੀਤੇ ਦਿਨ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਅੱਜ ਭਾਜਪਾ ਗਠਜੋੜ ਦੀ ਭਾਈਵਾਲ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਪੰਜਾਬ ਦੇ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਸੰਭਾਵੀ ਨਤੀਜਿਆਂ ਉਪਰ ਅਤੇ ਭਵਿੱਖ ਦੀ ਰਣਨੀਤੀ ਨੂੰ  ਲੈ ਕੇ ਚਰਚਾ ਕੀਤੀ ਹੈ | ਸ਼ੇਖਾਵਤ ਅੱਜ ਕੈਪਟਨ ਨਾਲ ਮੀਟਿੰਗ ਕਰਨ ਵਿਸ਼ੇਸ਼ ਤੌਰ 'ਤੇ ਸਿਸਵਾਂ ਫ਼ਾਰਮ ਹਾਊਸ ਪਹੁੰਚੇ ਸਨ ਅਤੇ ਦੋ ਘੰਟੇ ਲੰਮੀ ਮੀਟਿੰਗ ਕਰਨ ਬਾਅਦ ਦਿੱਲੀ ਪਰਤ ਗਏ | ਇਸੇ ਦੌਰਾਨ ਕੈਪਟਨ ਦੀ ਪਾਰਟੀ ਦੇ ਬੁਲਾਰੇ ਨੇ ਪਿ੍ਤਪਾਲ ਸਿੰਘ ਬਲੀਏਵਾਲਾ ਨੇ ਵੀ ਟਵੀਟ ਕਰ ਕੇ ਕਿਹਾ ਹੈ ਕਿ 10 ਮਾਰਚ ਦਾ ਦਿਨ ਕਲਾਈਮੈਕਸ ਵਾਲਾ ਹੋਵੇਗਾ | ਜਿਸ ਤੋਂ ਸਪੱਸ਼ਟ ਹੈ ਕਿ 'ਆਪ' ਨੂੰ  ਜੇਕਰ ਬਹੁਮਤ ਨਹੀਂ ਮਿਲਦਾ ਤਾਂ ਭਾਜਪਾ ਗਠਜੋੜ ਕਾਂਗਰਸ ਤੇ 'ਆਪ' ਦੇ ਮੈਂਬਰਾਂ ਦੀ ਤੋੜ ਫੋੜ ਕਰ ਕੇ ਜੋੜ ਤੋੜ ਦੀ ਨੀਤੀ ਨਾਲ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗਾ |