ਕਾਂਗਰਸੀਆਂ ਨੇ ਸਦਨ 'ਚੋਂ ਕੀਤਾ ਵਾਕਆਊਟ, ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਦੀ ਚੁੱਕੀ ਮੰਗ  

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਉਣ ਦੀ ਗੱਲ ਕਹੀ। 

Punjab Congress

ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਸੈਸ਼ਨ ਦੀ ਅੱਜ ਚੌਥੇ ਦਿਨ ਦੀ ਕਾਰਵਾਈ ਹੋ ਰਹੀ ਹੈ। ਇਸ ਦੌਰਾਨ ਵਿਰੋਧੀ ਧਿਰ ਕਾਂਗਰਸ ਅਤੇ ਸੱਤਾਧਾਰੀ ਪਾਰਟੀ ਵਿਚਾਲੇ ਜ਼ਬਰਦਸਤ ਬਹਿਸ ਦੇਖਣ ਨੂੰ ਮਿਲੀ। ਦਰਅਸਲ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰ ਅਤੇ ਸਰਕਾਰ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਕਾਂਗਰਸ ਨੇ ਵਿਧਾਨ ਸਭਾ ਵਿਚ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ ਨੂੰ ਲੈ ਕੇ ਸਦਨ ਵਿਚੋਂ  ਵਾਕਆਊਟ ਕਰ ਦਿੱਤਾ। 

ਸਦਨ ਤੋਂ ਬਾਹਰ ਜਾ ਕੇ ਕਾਂਗਰਸੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਬਾਹਰ ਜਾ ਕੇ ਰਾਜਾ ਵੜਿੰਗ ਨੇ ਜ਼ੋਰਦਾਰ ਢੰਗ ਨਾਲ ਸਿੱਧੂ ਮੂਸੇਵਾਲਾ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਮੂਸੇਵਾਲਾ ਦੇ ਅਸਲੀ ਕਾਤਲ ਅਜੇ ਬਹਾਰ ਘੁੰਮ ਰਹੇ ਹਨ ਤੇ ਜਿਹੜੇ ਜੇਲ੍ਹ ਵਿਚ ਹਨ ਉਹਨਾਂ ਦਾ ਨੀ ਕਤਲ ਹੋ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਉਣ ਦੀ ਗੱਲ ਕਹੀ। 

ਉਨ੍ਹਾਂ ਨੇ ਕਿਹਾ ਕਿ ਸਿੱਧੂ ਦੇ ਮਾਂ-ਪਿਤਾ ਵਿਧਾਨ ਸਭਾ ਦੇ ਬਾਹਰ ਬੈਠ ਕੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਭਾਵੇਂ ਹੀ ਸਰਕਾਰ ਨੇ ਕਈ ਦੋਸ਼ੀ ਗ੍ਰਿਫ਼ਤਾਰ ਕੀਤੇ ਹਨ ਪਰ ਸਿੱਧੂ ਦੇ ਮਾਤਾ-ਪਿਤਾ ਜਿਹੜੇ ਗੈਂਗਸਟਰ ਅਤੇ ਮੁਲਜ਼ਮਾਂ ਦਾ ਨਾਂ ਲੈ ਰਹੇ ਹਨ, ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਮਜ਼ਦ ਕਰਨ ਦੀ ਗੱਲ ਕਰ ਰਹੇ ਹਨ

 ਉਨ੍ਹਾਂ ਲੋਕਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੇ ਕਲੇਜੇ ਠੰਡ ਪਾਈ ਜਾਵੇ। ਇਨਸਾਫ਼ ਮੰਗ ਰਿਹਾ ਸਿੱਧੂ ਮੂਸੇਵਾਲਾ ਦਾ ਪਰਿਵਾਰ ਸਰਕਾਰ ਤੋਂ ਨਾਰਾਜ਼ ਹੈ।  ਕਾਂਗਰਸ ਨੇ ਮੂਸੇਵਾਲਾ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਦਨ ਵਿਚੋਂ ਵਾਕਆਊਟ ਕੀਤਾ। ਸਦਨ ਦੇ ਬਾਹਰ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਦੱਸ ਦਈਏ ਕਿ ਸਦਨ ਵਿਚ ਸਿਰਫ਼ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੀ ਬੈਠੇ ਸਨ ਜਦਕਿ ਬਾਕੀ ਕਾਂਗਰਸੀ ਆਗੂਆਂ ਵੱਲੋਂ ਵਾਕਆਊਟ ਕਰ ਦਿੱਤਾ ਗਿਆ।