ਚੰਡੀਗੜ੍ਹ SSP ਤੋਂ ਤਬਾਦਲੇ ਦੀ ਪਾਵਰ ਖੋਹੀ, ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਦੀ ਤਾਇਨਾਤੀ ਨਹੀਂ ਕਰ ਸਕਣਗੇ IPS ਕੰਵਰਦੀਪ ਕੌਰ 

ਏਜੰਸੀ

ਖ਼ਬਰਾਂ, ਪੰਜਾਬ

ਕੰਵਰਦੀਪ ਕੌਰ ਚੰਡੀਗੜ੍ਹ ਦੀ ਦੂਜੀ ਮਹਿਲਾ ਐਸਐਸਪੀ ਹੈ, ਪਰ ਪਹਿਲੀ ਸ਼ਕਤੀਹੀਣ ਐਸਐਸਪੀ ਹੈ।

Kanwardeep Kaur

ਚੰਡੀਗੜ੍ਹ - ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵਿਚ ਪੰਜਾਬ ਕੇਡਰ ਦੀ ਆਈਪੀਐਸ ਅਧਿਕਾਰੀ ਕੰਵਰਦੀਪ ਕੌਰ ਨੇ 8 ਮਾਰਚ ਨੂੰ ਚੰਡੀਗੜ੍ਹ ਵਿਚ ਐਸਐਸਪੀ ਵਜੋਂ ਅਹੁਦਾ ਸੰਭਾਲ ਲਿਆ ਸੀ। ਇਸ ਤੋਂ ਅਗਲੇ ਹੀ ਦਿਨ 9 ਮਾਰਚ ਨੂੰ ਡੀਜੀਪੀ ਚੰਡੀਗੜ੍ਹ ਪ੍ਰਵੀਰ ਰੰਜਨ ਵੱਲੋਂ ਜਾਰੀ ਹੁਕਮ ਸਾਹਮਣੇ ਆਏ ਹਨ। ਇਨ੍ਹਾਂ ਹੁਕਮਾਂ ਵਿਚ ਡੀਜੀਪੀ ਨੇ ਐਸਐਸਪੀ ਕੰਵਰਦੀਪ ਕੌਰ ਤੋਂ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਸਾਰੇ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੇ ਹੁਕਮ ਜਾਰੀ ਕਰਨ ਦੀ ਸ਼ਕਤੀ ਖੋਹ ਲਈ ਹੈ। ਕੰਵਰਦੀਪ ਕੌਰ ਚੰਡੀਗੜ੍ਹ ਦੀ ਦੂਜੀ ਮਹਿਲਾ ਐਸਐਸਪੀ ਹੈ, ਪਰ ਪਹਿਲੀ ਸ਼ਕਤੀਹੀਣ ਐਸਐਸਪੀ ਹੈ।

ਚੰਡੀਗੜ੍ਹ ਪੁਲਿਸ ਦੇ ਗਠਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਪੰਜਾਬ ਕੇਡਰ ਦਾ ਕੋਈ ਐਸਐਸਪੀ ਆਪਣੇ ਅਧੀਨ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੇ ਹੁਕਮ ਜਾਰੀ ਨਹੀਂ ਕਰ ਸਕੇਗਾ। ਜਦਕਿ ਪੂਰੇ ਸ਼ਹਿਰ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਐੱਸਐੱਸਪੀ ਯੂਟੀ ਦੀ ਹੀ ਹੁੰਦੀ ਹੈ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਤਬਾਦਲੇ ਦੇ ਪੋਸਟਿੰਗ ਆਰਡਰ ਦੀ ਪਾਵਰ ਐਸਐਸਪੀ ਕੰਵਰਦੀਪ ਕੌਰ ਤੋਂ ਖੋਹ ਲਈ ਗਈ ਹੈ, ਜਦੋਂ ਕਿ ਇਹ ਹੁਕਮ ਐਸਪੀ ਸਿਟੀ ਅਤੇ ਐਸਐਸਪੀ ਹੈੱਡਕੁਆਰਟਰ ਕਰਨਗੇ।

ਕਾਂਸਟੇਬਲ ਤੋਂ ਹੈੱਡ ਕਾਂਸਟੇਬਲ, ਏਐਸਆਈ ਅਤੇ ਸਬ ਇੰਸਪੈਕਟਰ ਤੱਕ ਦੇ ਆਦੇਸ਼ ਐਸਪੀ ਸਿਟੀ ਅਤੇ ਐਸਐਸਪੀ ਹੈੱਡਕੁਆਰਟਰ ਦੁਆਰਾ ਜਾਰੀ ਕੀਤੇ ਜਾਣਗੇ। ਜਦਕਿ ਇੰਸਪੈਕਟਰ ਰੈਂਕ ਦੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਡੀਜੀਪੀ ਪ੍ਰਵੀਰ ਰੰਜਨ ਖੁਦ ਕਰਨਗੇ। ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਦੀ ਨਾਰਾਜ਼ਗੀ ਦਾ ਕਾਰਨ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀਆਂ ਨਾਲ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵਿਚ ਸੇਵਾ ਨਿਭਾਅ ਚੁੱਕੇ ਸੇਵਾਮੁਕਤ ਅਧਿਕਾਰੀਆਂ ਅਤੇ ਆਮ ਲੋਕਾਂ ਦੀ ਪੱਖਪਾਤੀ ਮੰਨਿਆ ਜਾ ਰਿਹਾ ਹੈ।

ਵਰਨਣਯੋਗ ਹੈ ਕਿ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਆਈਪੀਐਸ ਕੁਲਦੀਪ ਸਿੰਘ ਚਾਹਲ ਨੂੰ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਰਾਜਪਾਲ ਬੀਐਲ ਪੁਰੋਹਿਤ ਨੇ ਮੂਲ ਕੇਡਰ ਪੰਜਾਬ ਵਿੱਚ ਵਾਪਸ ਭੇਜ ਦਿੱਤਾ ਸੀ। ਕਾਫੀ ਸਮੇਂ ਬਾਅਦ ਪੰਜਾਬ ਤੋਂ ਭੇਜੇ ਗਏ ਪਹਿਲੇ ਪੈਨਲ ਨੂੰ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਵਾਨ ਨਹੀਂ ਕੀਤਾ ਅਤੇ ਦੂਜਾ ਪੈਨਲ ਬੁਲਾਇਆ ਗਿਆ। ਦੂਜੇ ਪੈਨਲ ਵਿਚ ਆਈਪੀਐਸ ਕੰਵਰਦੀਪ ਕੌਰ ਦਾ ਨਾਂ ਸ਼ਾਮਲ ਸੀ।