ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ, ਤਿੰਨ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੇ ਨੇ ਉਜਾੜਿਆ ਇਕ ਹੋਰ ਘਰ

photo

 

ਮਲੋਟ : ਪੰਜਾਬ ਵਿਚ ਹਰ ਦਿਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ (Drug Overdose) ਨਾਲ ਮੌਤ ਹੋ ਜਾਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਨਸ਼ਿਆਂ ਦਾ ਕਾਰੋਬਾਰ ਘੱਟ ਹੋਣ ਦੀ ਬਜਾਏ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ ਤੇ ਇਸਦੀ ਭੇਂਟ ਨੌਜਵਾਨ ਚੜ੍ਹ ਰਹੇ ਹਨ। ਅਜਿਹਾ ਹੀ ਮਾਮਲਾ ਮਲੋਟ ਦੇ ਪਿੰਡ ਮਿੱਡਾ ਤੋਂ ਸਾਹਮਣੇ ਆਇਆ ਹੈ। ਇਥੇ ਨੌਜਵਾਨ ਦੀ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ : ਖੰਨਾ ਪੁਲਿਸ ਨੇ ਗੈਂਗਸਟਰ ਲਵਜੀਤ ਕੰਗ ਗੈਂਗ ਦੇ 6 ਗੁਰਗੇ ਕੀਤੇੇ ਗ੍ਰਿਫਤਾਰ

ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (30) ਪੁੱਤਰ ਮੰਦਰ ਸਿੰਘ ਵਾਸੀ ਪਿੰਡ ਮਿੱਡਾ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਤੀ ਸੰਦੀਪ ਸਿੰਘ 4-5 ਸਾਲ ਪਹਿਲਾਂ ਚਿੱਟੇ ਦਾ ਨਸ਼ਾ ਕਰਨ ਲੱਗ ਪਿਆ ਸੀ, ਜਿਸ ਕਾਰਨ ਉਸਨੂੰ ਪਿੰਡ ਅੰਦਰ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਵਿਚ ਭਰਤੀ ਵੀ ਕਰਵਾਇਆ ਗਿਆ ਸੀ ਪਰ ਹੁਣ ਵੀ ਮਾੜੀ ਸੰਗਤ 'ਚ ਹੋਣ ਕਾਰਨ ਉਹ ਕਦੇ-ਕਦੇ ਨਸ਼ਾ ਕਰ ਲੈਂਦਾ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਨੌਜਵਾਨ ਨੇ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਤਸਕਰਾਂ ਨੇ ਨੌਜਵਾਨ ਨੂੰ ਹੀ ਫੜ ਕੇ ਕੁੱਟਿਆ  

ਉਸ ਦਾ ਪਤੀ ਆਪਣੇ ਚਾਚੇ ਕੋਲ ਮੋਗਾ ਡਰਾਇਵਰੀ ਕਰਦਾ ਸੀ ਅਤੇ 15 ਦਿਨਾਂ ਬਾਅਦ ਘਰ ਆਉਂਦਾ ਸੀ। ਕੱਲ ਸ਼ਾਮ ਨੂੰ ਵੀ ਉਹ ਮੋਗਾ ਤੋਂ ਵਾਪਸ ਆਇਆ ਤੇ ਬਾਹਰ ਚਲਾ ਗਿਆ। ਉਹ ਰਾਤ 9 ਵਜੇ ਤੱਕ ਉਸਦੀ ਉਡੀਕ ਕਰਦੀ ਰਹੀ ਪਰ ਸੰਦੀਪ ਘਰ ਨਹੀਂ ਆਇਆ। ਜਿਸ ਤੋਂ ਬਾਅਦ ਸਵੇਰੇ ਪਿੰਡ ਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਸੇਮ ਨਾਲੇ ਕੋਲ ਉਸਦੀ ਲਾਸ਼ ਪਈ ਹੋਈ ਹੈ। ਇਸ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਉਸਦੀ ਬਾਂਹ ਵਿਚ ਸਰਿੰਜ ਲੱਗੀ ਹੋਈ ਸੀ। ਮ੍ਰਿਤਕ ਦੀ ਪਤਨੀ ਤੇ ਭਰਾ ਨੇ ਕਿਹਾ ਕਿ ਸੰਦੀਪ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਤੇ ਪਤਨੀ ਛੱਡ ਗਿਆ।