ਅਮਰੀਕਾ ਦੇ ਰਾਸ਼ਟਰਪਤੀ ਕੈਨੇਡਾ ਨੂੰ ਇਕ ਹੋਰ ਦੇਣਗੇ ਝਟਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੰਪ ਅਮਰੀਕਾ ਤੇ ਕੈਨੇਡਾ ਵਿਚਕਾਰ ਫਿਰ ਤੋਂ ਸਰਹੱਦੀ ਹੱਦਬੰਦੀ ਤੈਅ ਕਰਨਗੇ

US President to give Canada another blow

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਟੈਰਿਫ਼ ਲਗਾਏ ਜਾਣ ਤੋਂ ਬਾਅਦ ਕੈਨੇਡਾ ਵਿਚ ਚਿੰਤਾ ਅਤੇ ਗੁੱਸੇ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਟਰੰਪ ਕੈਨੇਡਾ ਨੂੰ ਇਕ ਹੋਰ ਝਟਕਾ ਦੇਣ ਜਾ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਨੇ ਸੰਕੇਤ ਦਿਤਾ ਹੈ ਕਿ ਉਹ ਕੈਨੇਡਾ ਅਤੇ ਅਮਰੀਕਾ ਵਿਚਕਾਰ ਸਰਹੱਦੀ ਹੱਦਬੰਦੀ ਦੁਬਾਰਾ ਕਰਨ ਦਾ ਫ਼ੈਸਲਾ ਕਰ ਸਕਦੇ ਹਨ।

ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚਕਾਰ ਸਰਹੱਦੀ ਹੱਦਬੰਦੀ ਸਹੀ ਨਹੀਂ ਹੈ ਅਤੇ ਇਸ ਨੂੰ ਦੁਬਾਰਾ ਨਿਰਧਾਰਤ ਕਰਨ ਦੀ ਲੋੜ ਹੈ। ਦਰਅਸਲ ਫ਼ਰਵਰੀ ਵਿਚ ਰਾਸ਼ਟਰਪਤੀ ਟਰੰਪ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਕਾਰ ਫ਼ੋਨ ’ਤੇ ਗੱਲਬਾਤ ਹੋਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਗੱਲਬਾਤ ਦੌਰਾਨ ਹੀ ਟਰੰਪ ਨੇ ਦੋਵਾਂ ਦੇਸ਼ਾਂ ਵਿਚਕਾਰ ਸਰਹੱਦੀ ਸੰਧੀ ’ਤੇ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ

ਅਤੇ ਇਸ ਨੂੰ ਮੁੜ ਨਿਰਧਾਰਤ ਕਰਨ ਦੀ ਮੰਗ ਕੀਤੀ। ਟਰੰਪ ਨੇ ਅਮਰੀਕਾ ਅਤੇ ਕੈਨੇਡਾ ਵਿਚਕਾਰ ਹੋਏ ਜਲ ਸੰਧੀ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚਕਾਰ 1908 ਵਿਚ ਇਕ ਜਲ ਸੰਧੀ ’ਤੇ ਹਸਤਾਖ਼ਰ ਹੋਏ ਸਨ, ਉਸ ਸਮੇਂ ਕੈਨੇਡਾ ਬ੍ਰਿਟੇਨ ਦਾ ਹਿੱਸਾ ਸੀ। ਹੁਣ ਟਰੰਪ ਦੋਵਾਂ ਦੇਸ਼ਾਂ ਵਿਚਕਾਰ ਝੀਲਾਂ ਅਤੇ ਦਰਿਆਵਾਂ ਦੇ ਪਾਣੀ ਦੀ ਵੰਡ ’ਤੇ ਦੁਬਾਰਾ ਚਰਚਾ ਕਰਨ ਦੀ ਗੱਲ ਕਰ ਰਹੇ ਹਨ।

ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਗੱਲ ਵੀ ਕਰ ਰਹੇ ਹਨ ਅਤੇ ਕਈ ਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਟਰੂਡੋ ਵਜੋਂ ਸੰਬੋਧਤ ਕਰ ਚੁੱਕੇ ਹਨ। ਇਸ ਬਾਰੇ ਕੈਨੇਡਾ ਵਿਚ ਭਾਰੀ ਰੋਸ ਹੈ। ਟਰੰਪ ਨੇ ਕੈਨੇਡਾ ’ਤੇ ਅਮਰੀਕਾ ਵਿਚ ਫ਼ੈਂਟਾਨਿਲ ਦੀ ਤਸਕਰੀ ਨੂੰ ਰੋਕਣ ਅਤੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਵਿਚ ਅਸਫ਼ਲ ਰਹਿਣ ਦਾ ਦੋਸ਼ ਲਗਾਇਆ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਵਿਚ ਬਹੁਤ ਸਾਰੀਆਂ ਕਮੀਆਂ ਹਨ। ਉਨ੍ਹਾਂ ਨੇ ਕੈਨੇਡਾ ਵਲੋਂ ਆਪਣੇ ਡੇਅਰੀ ਉਦਯੋਗ ਦੀ ਰਖਿਆ ਕਰਨ ਅਤੇ ਕੈਨੇਡਾ ਵਿਚ ਕੰਮ ਕਰ ਰਹੇ ਅਮਰੀਕੀ ਬੈਂਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੁੱਦਾ ਵੀ ਉਠਾਇਆ।