ਅਕਾਲ ਤਖ਼ਤ ਸਾਹਿਬ ਦੀ ਸਰਪਰਸਤੀ ਹੇਠ ‘ਖਾਲਸਾ ਮਾਰਚ’ ਦਾ ਆਗਾਜ਼, ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਉਪਰਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਖਾਲਸਾ ਮਾਰਚ

'Khalsa March' begins under the patronage of Akal Takht Sahib, a grand initiative dedicated to the memory of martyrs

ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸ਼ਹੀਦਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਦੱਸਿਆ ਕਿ ਸੰਨ 1726 ਵਿੱਚ ਭਾਈ ਸਾਹਿਬ ਭਾਈ ਤਾਰਾ ਸਿੰਘ ਵਾਂ ਨੇ ਆਪਣੇ 21 ਸਿੰਘ ਸਾਥੀਆਂ ਸਮੇਤ ਬਾਹ ਪਿੰਡ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਮਹਾਨ ਸ਼ਹੀਦੀ ਨੂੰ ਲਗਭਗ 300 ਸਾਲ ਪੂਰੇ ਹੋ ਰਹੇ ਹਨ ਅਤੇ ਇਸ ਮੌਕੇ ‘ਤੇ ਸਿੱਖ ਕੌਮ ਵੱਲੋਂ ਵਿਸ਼ੇਸ਼ ਸਮਾਗਮ ਅਤੇ ਖਾਲਸਾ ਮਾਰਚ ਕੱਢਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਉਸ ਸਮੇਂ ਸਿੰਘਾਂ ਦੇ ਖੇਤਾਂ ਵਿੱਚ ਨਸ਼ਹਿਰੇ ਦਾ ਇੱਕ ਚੌਧਰੀ ਆਪਣੇ ਘੋੜੇ ਛੱਡ ਦਿੰਦਾ ਸੀ। ਸਿੰਘਾਂ ਵੱਲੋਂ ਕਈ ਵਾਰ ਉਸ ਨੂੰ ਮਨਾਂ ਕੀਤਾ ਗਿਆ ਪਰ ਉਸ ਨੇ ਅਹੰਕਾਰ ਵਿੱਚ ਆ ਕੇ ਕਿਹਾ ਕਿ ਉਹ ਸਿੱਖਾਂ ਦੇ ਕੇਸਾਂ ਨਾਲ ਰੱਸੇ ਬੰਨ੍ਹ ਕੇ ਘੋੜੇ ਬੰਨੇਗਾ। ਇਹ ਗੱਲ ਸਿੰਘਾਂ ਦੀ ਅਣਖ ਨੂੰ ਚੋਭੀ ਅਤੇ ਮਾਮਲਾ ਤਣਾਅਪੂਰਨ ਹੋ ਗਿਆ। ਇਸ ਦੀ ਖ਼ਬਰ ਜਦੋਂ ਉਸ ਸਮੇਂ ਦੇ ਹਾਕਮ ਜਕਰੀਆ ਖਾਨ ਨੂੰ ਮਿਲੀ ਤਾਂ ਉਸ ਨੇ ਫੌਜ ਭੇਜ ਦਿੱਤੀ। ਇਸ ਦੌਰਾਨ ਭਾਈ ਤਾਰਾ ਸਿੰਘ ਵਾਂ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸੇ ਮਕਸਦ ਨਾਲ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਧੰਨ ਧੰਨ ਸ੍ਰੀ ਪੰਜ ਪਿਆਰਿਆਂ ਦੀ ਰਹਿਨੁਮਾਈ ਵਿੱਚ ਖਾਲਸਾ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਸਿੱਖੀ ਦੇ ਜਜ਼ਬੇ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਕਰਨਾ ਸਮੇਂ ਦੀ ਵੱਡੀ ਲੋੜ ਹੈ।

ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਇਸ ਧਾਰਮਿਕ ਅਤੇ ਸਮਾਜਿਕ ਉਪਰਾਲੇ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਜੋ ਨੌਜਵਾਨ ਬਾਣੀ ਅਤੇ ਸਿੱਖੀ ਦੇ ਮਾਰਗ ਨਾਲ ਜੁੜ ਸਕਣ। ਉਨ੍ਹਾਂ ਕਿਹਾ ਕਿ ਅੱਜ ਖਾਲਸਾ ਮਾਰਚ ਦਾ ਆਗਾਜ਼ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੇੜ ਸਾਹਿਬ ਤੋਂ ਕੀਤਾ ਜਾਵੇਗਾ।

ਇਹ ਮਾਰਚ ਵੱਖ-ਵੱਖ ਪਿੰਡਾਂ ਰਾਹੀਂ ਹੁੰਦਾ ਹੋਇਆ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਹੂਵਿੰਦ ਪਹੁੰਚੇਗਾ ਅਤੇ ਅਗਲੇ ਦਿਨਾਂ ਵਿੱਚ ਭਾਈ ਤਾਰਾ ਸਿੰਘ ਵਾਂ ਦੇ ਪਿੰਡ ਤੱਕ ਜਾ ਕੇ ਸਮਾਪਤ ਹੋਵੇਗਾ। ਇਸ ਮੌਕੇ ਰਾਤ ਨੂੰ ਦੀਵਾਨ ਸਜਾਏ ਜਾਣਗੇ ਜਿੱਥੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ।

ਜਥੇਦਾਰ ਨੇ ਕਿਹਾ ਕਿ ਸਿੱਖੀ ਦਾ ਮਹਾਨ ਫਲਸਫਾ ਸਭ ਨੂੰ ਇੱਕਤਾ ਅਤੇ ਸੇਵਾ ਦਾ ਸੰਦੇਸ਼ ਦਿੰਦਾ ਹੈ। ਇਸ ਲਈ ਸਾਰੇ ਸਿੱਖਾਂ ਨੂੰ ਚਾਹੀਦਾ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ‘ਤੇ ਚੱਲਦਿਆਂ ਸਿੱਖੀ ਦੇ ਪ੍ਰਚਾਰ-ਪਸਾਰ ਵਿੱਚ ਆਪਣਾ ਯੋਗਦਾਨ ਪਾਉਣ।