ਕੋਰੋਨਾ ਮਹਾਂਮਾਰੀ ਕਾਰਨ ਮੁਕੰਮਲ ਬੰਦ ਦੇ ਚਲਦਿਆਂ ਅੱਜ ਸਰਕਾਰ ਵਲੋਂ ਭੇਜੀ ਰਾਸ਼ਨ ਦੀ ਗੱਡੀ ਸਰਪੰਚ ਦੇ ਘਰ ਕੋਲ ਪਹੁੰਚੀ ਤਾਂ ਪਿੰਡ ਦੇ ਭੁੱਖ ਨਾਲ ਸਤਾਏ ਲੋਕ ਭੂੰਡਾਂ ਵਾਂਗ ਗੱਡੀ ਦੁਆਲੇ ਪੁੱਜ ਗਏ। ਬਾਬਾ ਸੰਤੂ ਵੀ ਅਪਣੀਆਂ ਘਸਮੈਲੀਆਂ ਜਿਹੀਆਂ ਐਨਕਾਂ ਰਾਹੀਂ ਕਣਕ ਵਾਲੀਆਂ ਬੋਰੀਆਂ ਵਲ ਵੇਖ ਰਿਹਾ ਸੀ। ਏਨੇ ਨੂੰ ਜਾਗਰ ਪੰਚ ਨੇ ਬੋਰੀ ਕਣਕ ਦੀ ਲੁਹਾ ਕੇ ਅਪਣੇ ਭਈਏ ਨੂੰ ਫੜਾਉਂਦਿਆਂ ਕਿਹਾ, “ਜਾਹ ਘਰ ਸੁਟ ਆ ਭੱਜ ਕੇ।
ਫਿਰ ਇਕ ਹੋਰ ਲੈ ਜਾਵੀਂ।'' ਸੰਤੂ ਨੇ ਅਪਣੀ ਘੱਟ-ਵੱਧ ਨਿਗਾਹ ਨਾਲ ਅੰਦਾਜ਼ਾ ਲਾਉਂਦਿਆਂ ਕੋਲ ਖੜੇ ਜੈਮਲ ਨੂੰ ਕਿਹਾ, “ਆਹ ਜਾਗਰ ਨੀ ਭਲਾ, ਅਮਰੀਕਾ ਵਾਲਿਆਂ ਦਾ, ਜਿਹੜਾ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਵਾਹਵਾ ਦਾਨ ਕਰਦੈ।'' “ਹਾਂ, ਉਹੀ ਏ ਬਾਬਾ ਇਹ।'' ਜੈਮਲ ਬੋਲਿਆ।
“ਇਹਦੇ ਪੁੱਤਰ-ਪੋਤਰੇ ਅਮਰੀਕਾ-ਕੈਨੇਡਾ ਨੇ ਤੇ ਊਂ ਵੀ ਰੱਜੇ-ਪੁੱਜੇ ਨੇ ਇਹ ਅਮਰੀਕਾ ਵਾਲੇ ਤਾਂ। ਪਰ ਲਗਦੈ ਰਾਸ਼ਨ ਏਨ੍ਹਾਂ ਦੇ ਵੀ ਮੁਕ ਗਿਐ ।'' ਜੈਮਲ ਨੇ ਸੰਤੂ ਨੂੰ ਕਿਹਾ। ''ਚਲ ਪੁੱਤਰ, ਪਹਿਲਾਂ ਇਹਨੂੰ ਢੋਅ ਲੈਣ ਦੇ ਵੱਡੇ ਗ਼ਰੀਬ ਨੂੰ, ਆਪਾਂ ਛੋਟੇ ਗ਼ਰੀਬ ਤਾਂ ਇਕ ਦਿਨ ਹੋਰ ਭੁੱਖੇ ਰਹਿ ਲਵਾਂਗੇ।'' ਏਨਾ ਕਹਿ ਕੇ ਅਨਾਜ ਵਲ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਬਾਬਾ ਅਪਣੀ ਵਾਰੀ ਦੀ ਉਡੀਕ ਕਰਨ ਲੱਗਾ।
-ਜਸਵਿੰਦਰ ਕੌਰ ਦੱਧਾਹੂਰ, ਸੰਪਰਕ : 98144-94984