ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਚ ਸਥਾਪਤ ਕੀਤਾ ਸੂਬੇ ਦਾ ਸੱਭ ਤੋਂ ਵੱਡਾ ਆਈਸੋਲੇਸ਼ਨ ਸਥਾਪਤ
ਇਕਾਂਤਵਾਸ ਲਈ 1000 ਬੈਡਾਂ ਅਤੇ ਪੀੜਤਾਂ ਦੇ ਇਲਾਜ ਲਈ 200 ਬੈਡਾਂ ਦਾ ਪ੍ਰਬੰਧ
ਐਸ.ਏ.ਐਸ ਨਗਰ, 8 ਮਾਰਚ (ਸੁਖਵਿੰਦਰ ਸਿੰਘ ਸ਼ਾਨ): ਕੋਰੋਨਾ ਵਾਇਰਸ ਵਿਰੁਧ ਚੱਲ ਰਹੀ ਜੰਗ ਵਿਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ ਨਗਰ ਨੂੰ ਵੱਡਾ ਸਹਿਯੋਗ ਦਿੰਦਿਆਂ ਆਪਣੇ ਕੈਂਪਸ ਵਿਚ 'ਸੀਯੂ- ਏਡ' ਤਹਿਤ ਸੂਬੇ ਦਾ ਸਭ ਤੋਂ ਵੱਡਾ ਅਤੇ ਅਤਿ ਆਧੁਨਿਕ ਮੈਡੀਕਲ ਸੈਂਟਰ ਸਥਾਪਤ ਕੀਤਾ ਹੈ। ਇਸ ਸੈਂਟਰ ਵਿਚ ਕੋਰੋਨਾ ਵਾਇਰਸ ਦੇ ਪ੍ਹਭਾਵ ਕਾਰਨ ਲੋਕਾਂ ਨੂੰ ਇਕਾਂਤਵਾਸ ਕਰਨ ਲਈ 1000 ਬੈਡਾਂ ਅਤੇ ਪੀੜਤਾਂ ਦੇ ਇਲਾਜ ਲਈ 200 ਬੈਡਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਅੱਜ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ (ਆਈ.ਏ.ਐਸ) ਨੇ ਕਿਹਾ ਕਿ ਪੰਜਾਬ ਸਰਕਾਰ ਕੋਵਿਡ-19 ਨਾਲ ਨਜਿਠਣ ਲਈ ਮੁਕੰਮਲ ਸਾਵਧਾਨੀ ਵਰਤ ਰਹੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੰਡੀਗੜ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿਆਰੀ ਤਹਿਤ ਭਵਿੱਖ 'ਚ ਕਿਸੇ ਵੀ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨ ਲਈ ਆਈਸੋਲੇਸ਼ਨ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸੀ.ਯੂ ਆਈਸੋਲੇਸ਼ਨ ਸਹੂਲਤ ਰਾਜ ਸਰਕਾਰ ਦੀ ਭਵਿੱਖ 'ਚ ਸੰਕਟਕਾਲੀਨ ਯੋਜਨਾ ਦਾ ਹਿੱਸਾ ਹੈ ਤਾਂ ਜੋ ਕੋਰੋਨਾ ਪੀੜਤ ਮਾਮਲਿਆਂ ਦੀ ਗਿਣਤੀ ਵੱਧਣ ਦੀ ਸੂਰਤ ਵਿਚ ਪ੍ਰਸ਼ਾਸਨ ਪੀੜਤਾਂ ਨੂੰ ਜਲਦ ਤੋਂ ਜਲਦ ਕਰ ਆਈਸੋਲੇਟ ਕਰ ਸਕੇ।
ਸ੍ਰੀ ਦਿਆਲਨ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪ੍ਰਸ਼ਾਸਨ ਅਤੇ ਸਟਾਫ਼ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਬਹੁਤ ਦੀ ਘੱਟ ਸਮੇਂ ਵਿਚ ਇਹ ਵੱਡੀ ਸਹੂਲਤ ਤਿਆਰ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਖਰੜ ਅਤੇ ਨੇੜਲੇ ਪਿੰਡਾਂ ਵਿੱਚ ਸੀਯੂ-ਏਡ ਮੁਹਿੰਮ ਚਲਾਈ ਜਾ ਰਹੀ ਹੈ ਜਿਥੇ ਯੂਨੀਵਰਸਿਟੀ ਦੇ ਵਲੰਟੀਅਰ 2000 ਤੋਂ ਵੱਧ ਲੋੜਵੰਦਾਂ ਨੂੰ ਦੋ ਵਕਤ ਦਾ ਪਕਾਇਆ ਭੋਜਨ ਵੰਡ ਰਹੀ ਹੈ, ਜਦਕਿ ਗਰੀਬਾਂ ਅਤੇ ਲੋੜਵੰਦਾਂ ਨੂੰ 'ਵਰਸਿਟੀ ਵਲੋਂ ਮੁਫ਼ਤ ਹੈਂਡ ਸੈਨੇਟਾਈਜ਼ਰਾਂ ਅਤੇ ਮਾਸਕਾਂ ਦੀ ਵੰਡ ਨਿਰੰਤਰ ਜਾਰੀ ਹੈ।