ਮੋਹਾਲੀ ਦੇ ਪੰਜਵੇਂ ਮਰੀਜ਼ ਨੇ ਦਿਤੀ 'ਕੋਰੋਨਾ' ਨੂੰ ਮਾਤ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਸਪਤਾਲ ਪੁੱਜ ਕੇ ਡਾਕਟਰਾਂ ਅਤੇ ਹੋਰ ਸਟਾਫ਼ ਦਾ ਹੌਸਲਾ ਵਧਾਇਆ
ਮੋਹਾਲੀ (ਸੋਈਂ) : ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ 24 ਸਾਲਾ ਲੜਕੀ ਨੇ 'ਕੋਰੋਨਾ ਵਾਇਰਸ' ਨੂੰ ਮਾਤ ਦੇ ਦਿਤੀ ਹੈ। ਲਗਭਗ 20 ਦਿਨਾਂ ਦੇ ਸਫ਼ਲ ਇਲਾਜ ਮਗਰੋਂ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਅਤੇ ਬੁਧਵਾਰ ਨੂੰ ਉਸ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿਤੀ ਗਈ। ਪੀੜਤਾ ਦਾ ਇਲਾਜ ਕਰਨ ਵਾਲੇ ਡਾ. ਰਾਜਿੰਦਰਾ ਭੂਸ਼ਣ ਨੇ ਦਸਿਆ ਕਿ ਪੀੜਤ ਕੁੜੀ ਚੰਡੀਗੜ੍ਹ ਦੇ ਪਹਿਲੇ ਮਰੀਜ਼ ਦੇ ਸੰਪਰਕ ਵਿਚ ਆ ਗਈ ਸੀ ਜਿਸ ਕਾਰਨ ਇਸ ਮਾਰੂ ਬੀਮਾਰੀ ਦਾ ਸ਼ਿਕਾਰ ਹੋ ਗਈ ਸੀ। ਉਨ੍ਹਾਂ ਦਸਿਆ ਕਿ ਇਲਾਜ ਦੌਰਾਨ ਪੀੜਤਾ ਪੂਰੀ ਚੜ੍ਹਦੀ ਕਲਾ ਵਿਚ ਰਹੀ ਅਤੇ ਉਸ ਦੇ ਚਿਹਰੇ 'ਤੇ ਕਦੇ ਵੀ ਡਰ, ਤਣਾਅ ਅਤੇ ਘਬਰਾਹਟ ਨਹੀਂ ਦਿਸੀ।
ਉਨ੍ਹਾਂ ਦਸਿਆ ਕਿ 18 ਮਾਰਚ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕੀਤੀ ਗਈ ਪੀੜਤਾ ਦੇ ਆਖ਼ਰੀ ਦੋ ਸੈਂਪਲਾਂ ਦੀਆਂ ਰੀਪੋਰਟਾਂ ਨੈਗੇਟਿਵ ਆਈਆਂ ਹਨ ਜਿਸ ਮਗਰੋਂ ਉਸ ਨੂੰ ਘਰ ਭੇਜ ਦਿਤਾ ਗਿਆ। ਡਾ. ਭੂਸ਼ਣ ਮੁਤਾਬਕ ਫ਼ਿਲਹਾਲ ਵੀ ਸਾਵਧਾਨੀਆਂ ਵਰਤਣ ਦੀ ਲੋੜ ਹੈ ਅਤੇ ਉਸ ਨੂੰ 14 ਦਿਨਾਂ ਤਕ ਘਰ ਅੰਦਰ ਹੀ ਰਹਿਣ ਦੀ ਸਲਾਹ ਦਿਤੀ ਗਈ ਹੈ। ਹਸਪਤਾਲੋਂ ਛੁੱਟੀ ਮਿਲਣ ਤੋਂ ਪਹਿਲਾਂ ਸਿਹਤਯਾਬ ਹੋਈ ਕੁੜੀ ਨੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਦਾ ਪੂਰਾ ਖ਼ਿਆਲ ਰਖਿਆ ਅਤੇ ਬਿਹਤਰ ਇਲਾਜ ਕੀਤਾ।
ਉਸ ਨੇ ਕਿਹਾ ਕਿ ਸਮੁੱਚਾ ਸਟਾਫ਼ ਉਸ ਦਾ ਇਲਾਜ ਕਰਨ ਦੇ ਨਾਲ-ਨਾਲ ਉਸ ਨੂੰ ਹਮੇਸ਼ਾ ਹੌਸਲਾ ਦਿੰਦਾ ਰਿਹਾ ਜਿਸ ਦੀ ਬਦੌਲਤ ਉਹ ਬਿਲਕੁਲ ਤੰਦਰੁਸਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੂਰੇ ਜ਼ਿਲ੍ਹੇ ਵਿਚੋਂ ਹੁਣ ਤਕ ਪੰਜ ਮਰੀਜ਼ ਬਿਲਕੁਲ ਠੀਕ ਹੋ ਗਏ ਹਨ ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚੋਂ ਛੁੱਟੀ ਮਿਲ ਚੁੱਕੀ ਹੈ। ਇਨ੍ਹਾਂ ਵਿਚ ਫ਼ੇਜ਼ 3 ਏ ਦੀਆਂ ਦੋ ਸਕੀਆਂ ਬਜ਼ੁਰਗ ਭੈਣਾਂ, ਸੈਕਟਰ 68 ਨਿਵਾਸੀ ਬਜ਼ੁਰਗ ਔਰਤ, 42 ਸਾਲਾ ਸ਼ਖ਼ਸ ਅਤੇ 24 ਸਾਲਾ ਉਕਤ ਮੁਟਿਆਰ ਸ਼ਾਮਲ ਹਨ।
ਇਸੇ ਦੌਰਾਨ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਹਸਪਤਾਲ ਵਿਚ ਪਹੁੰਚ ਕੇ ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰਾਂ, ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਹੌਸਲਾ-ਅਫ਼ਜ਼ਾਈ ਕੀਤੀ। ਸ. ਸਿੱਧੂ ਨੇ ਦਿਨ-ਰਾਤ ਕੰਮ ਕਰਨ ਵਾਲੇ ਸਮੁੱਚੇ ਸਿਹਤ ਸਟਾਫ਼ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਇਹ ਸਾਰੇ ਸ਼ਲਾਘਾ ਦੇ ਪਾਤਰ ਹਨ ਜਿਹੜੇ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪੂਰੀ ਨਿਡਰਤਾ, ਮਿਹਨਤ ਅਤੇ ਲਗਨ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ।
ਉਨ੍ਹਾਂ ਜ਼ਿਲ੍ਹਾ ਹਸਪਤਾਲ ਦੇ ਸਟਾਫ਼ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ ਅਤੇ ਉਹ ਇੰਜ ਹੀ ਤਨਦੇਹੀ ਨਾਲ ਅਪਣੀ ਡਿਊਟੀ ਨਿਭਾਉਂਦੇ ਰਹਿਣ। ਉਨ੍ਹਾਂ ਲੋਕਾਂ ਨੂੰ ਵੀ ਆਪੋ-ਅਪਣੇ ਘਰਾਂ ਵਿਚ ਰਹਿਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ, ਵਾਰ ਵਾਰ ਹੱਥ ਧੋਣ ਅਤੇ ਚੰਗੀ ਖ਼ੁਰਾਕ ਖਾਣ ਦੀ ਅਪੀਲ ਕੀਤੀ। ਇਸ ਸਮੇਂ ਸਿਵਲ ਸਰਜਨ ਡਾ. ਮਨਜੀਤ ਸਿੰਘ, ਐਸਐਮਓ ਡਾ. ਅਰੀਤ ਕੌਰ, ਡਾ. ਵਿਜੇ ਭਗਤ ਅਤੇ ਹੋਰ ਸਟਾਫ਼ ਵੀ ਮੌਜੂਦ ਸੀ।