ਜਲੰਧਰ ਵਿਚ ਕੋਰੋਨਾ ਮਰੀਜ ਨੇ ਤੋੜਿਆ ਦਮ, ਪੰਜਾਬ ‘ਚ ਹੋਈ 10ਵੀਂ ਮੌਤ
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ।
ਜਲੰਧਰ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਵਿਸ਼ਵ ਭਰ ਵਿਚ ਹੁਣ ਤੱਕ ਕੋਰੋਨਾ ਦੇ 1,518,783 ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤ ਵਿਚ ਕੋਰੋਨਾ ਦੇ 5734 ਮਾਮਲੇ ਆ ਚੁੱਕੇ ਹਨ ਤੇ 473 ਮਰੀਜ ਇਸ ਵਾਇਰਸ ਨੂੰ ਮਾਤ ਦੇ ਕੇ ਜ਼ਿੰਦਗੀ ਦੀ ਜੰਗ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 10 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਤਾਜ਼ਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜਲੰਧਰ 'ਚ ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਪਿਤਾ ਪ੍ਰਵੀਨ ਸ਼ਰਮਾ (59) ਦੀ ਅੱਜ ਹਸਪਤਾਲ 'ਚ ਮੌਤ ਹੋ ਗਈ।
ਬੀਤੇ ਬੁੱਧਵਾਰ ਨੂੰ ਉਹਨਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਜਲੰਧਰ ਦੇ ਮਿੱਠਾ ਬਾਜ਼ਾਰ 'ਚ ਰਹਿਣ ਵਾਲੇ ਪ੍ਰਵੀਨ ਸ਼ਰਮਾ ਬੁੱਧਵਾਰ ਰਾਤ ਤੋਂ ਵੈਂਟੀਲੇਟਰ 'ਤੇ ਸਨ ਅਤੇ ਅੱਜ ਇਲਾਜ ਦੌਰਾਨ ਉਹਨਾਂ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਜ਼ਿਲ੍ਹਾ ਮੋਹਾਲੀ ਵਿਚ ਹਨ।
ਜਿੱਥੇ ਕੋਰੋਨਾ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ 36 ਤੱਕ ਪਹੁੰਚ ਗਈ ਹੈ। ਇਹਨਾਂ ਵਿਚੋਂ 5 ਮਰੀਜ਼ ਠੀਕ ਹੋ ਚੁੱਕੇ ਹਨ। ਇਹਨਾਂ ਤੋਂ ਇਲਾਵਾ ਮੋਹਾਲੀ ਦੇ ਇਕ 65 ਸਾਲਾ ਨਿਵਾਸੀ ਕੋਰੋਨਾ ਕਾਰਨ ਅਪਣੀ ਜਾਨ ਗਵਾ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਕੁਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 109 ਹੋ ਗਈ ਹੈ।