ਜ਼ਿਲ੍ਹਾ ਮੈਜਿਸਟਰੇਟ ਵਲੋਂ ਹਾੜੀ ਦੇ ਸੀਜ਼ਨ ਦੌਰਾਨ ਖੇਤੀਬਾੜੀ ਦੇ ਕੰਮਾਂ ਲਈ ਜ਼ਰੂਰੀ ਹਦਾਇਤਾਂ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੰਬਾਇਨ ਦਾ ਖੇਤਾਂ 'ਚ ਚੱਲਣ ਦਾ ਸਮਾਂ ਸਵੇਰੇ 6 ਤੋਂ ਸ਼ਾਮ 7 ਵਜੇ ਤਕ ਨਿਸ਼ਚਤ

ਮੈਜਿਸਟਰੇਟ ਵਲੋਂ ਹਾੜੀ ਦੇ ਸੀਜ਼ਨ ਦੌਰਾਨ ਖੇਤੀਬਾੜੀ ਦੇ ਕੰਮਾਂ ਲਈ ਜ਼ਰੂਰੀ ਹਦਾਇਤਾਂ

ਫ਼ਾਜ਼ਿਲਕਾ, 8 ਅਪ੍ਰੈਲ (ਅਨੇਜਾ): ਪੰਜਾਬ ਸਰਕਾਰ ਵਲੋਂ ਜਾਰੀ ਆਦੇਸ਼ਾਂ ਦੀ ਪਾਲਣਾ 'ਚ ਜ਼ਿਲ੍ਹੇ•ਅੰਦਰ ਤਾਲਾਬੰਦੀ ਅਤੇ ਕਰਫਿਊ 14 ਅਪ੍ਰੈਲ ਤੱਕ ਵਾਧਾ ਕੀਤਾ ਗਿਆ ਹੈ ਤਾਂ ਜੋ ਆਮ ਜਨਤਾ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਇਆ ਜਾ ਸਕੇ।


ਇਸ ਸਬੰਧੀ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਫ਼ਾਜ਼ਿਲਕਾ 'ਚ ਹਾੜੀ ਦੇ ਸੀਜਨ ਦੌਰਾਨ ਖੇਤੀਬਾੜੀ ਦੇ ਕੰਮਾਂ ਲਈ ਕੁਝ ਜ਼ਰੂਰੀ ਛੋਟ ਖੇਤੀਬਾੜੀ ਦੇ ਵੇਰਵੇ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ। ਸ. ਸੰਧੂ ਨੇ ਹੁਕਮ 'ਚ ਦੱਸਿਆ ਕਿ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਦੀ ਕਟਾਈ ਅਤੇ ਵੱਖ-ਵੱਖ ਖੇਤੀ ਕਾਰਜਾਂ ਲਈ ਖੇਤ ਮਜਦੂਰਾਂ ਨੂੰ ਸਵੇਰੇ 6 ਤੋਂ 9 ਵਜੇ ਤੱਕ ਖੇਤਾਂ 'ਚ ਜਾਣ ਅਤੇ ਸ਼ਾਮ 7 ਤੋਂ ਰਾਤ 8 ਵਜੇ ਤੱਕ ਵਾਪਸ ਆਉਣ ਦੀ ਛੋਟ ਹੋਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਕਿਸਾਨ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਆਪਣੇ ਖੇਤਾਂ 'ਚ ਹੀ ਰਹਿਣਗੇ ਅਤੇ ਆਪਣੀ ਖੇਤੀ ਨਾਲ ਸਬੰਧਤ ਕਾਰਜ ਕਰਨਗੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਫ਼ਸਲ ਦੀ ਕਟਾਈ, ਬਿਜਾਈ ਅਤੇ ਢੋਆ-ਢੁਆਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਟਰੈਕਟਰ, ਟਰਾਲੀ ਕੰਬਾਇਨ ਆਦਿ ਦੀ ਆਵਾਜਾਈ 'ਤੇ ਛੋਟ ਹੋਵੇਗੀ, ਪ੍ਰੰਤੂ ਕੰਬਾਇਨ ਦਾ ਖੇਤਾਂ 'ਚ ਚੱਲਣ ਦਾ ਸਮਾਂ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਮਸ਼ੀਨਰੀ 'ਤੇ 4 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ ਅਤੇ ਆਪਸ 'ਚ ਸਮਾਜਿਕ ਦੂਰੀ 1 ਮੀਟਰ ਦੀ ਬਣਾ ਕੇ ਰੱਖਣਗੇ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮਸ਼ੀਨਰੀ ਦੀ ਰਿਪੇਅਰ ਅਤੇ ਸਪੇਅਰ ਪਾਰਟਸ ਨਾਲ ਸਬੰਧਤ ਦੁਕਾਨਾ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਛੋਟ ਹੋਵੇਗੀ।