ਪੰਜਾਬ ਵਿਚ ਕਰਫ਼ੀਊ ਦੀ ਮਿਆਦ ਵਧਣ ਦੇ ਪੂਰੇ ਆਸਾਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਰਫ਼ੀਊ ਦੀ ਮਿਆਦ ਵਧਣ ਦੇ ਪੂਰੇ ਆਸਾਰ

curfew

ਚੰਡੀਗੜ੍ਹ, 9 ਅਪ੍ਰੈਲ (ਗੁਰਉਪਦੇਸ਼ ਸਿੰਘ ਭੁੱਲਰ): ਪੰਜਾਬ ਵਿਚ 14 ਅਪ੍ਰੈਲ ਤਕ ਲਾਗੂ ਕਰਫ਼ੀਊ ਦੀ ਮਿਆਦ 'ਚ ਵਾਧੇ ਦੇ ਇਸ ਸਮੇਂ ਪੂਰੇ ਆਸਾਰ ਦਿਖਾਈ ਦੇ ਰਹੇ ਹਨ। ਸੂਬੇ ਵਿਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਅਤੇ ਮੌਤਾਂ ਦੀ ਵਧ ਰਹੀ ਗਿਣਤੀ ਨੂੰ ਵੇਖਦਿਆਂ ਸਰਕਾਰ ਇਸ ਸਮੇਂ ਸਥਿਤੀ ਵਿਚ ਕੋਈ ਢਿਲ ਦੇ ਕੇ ਕਿਸੇ ਵੀ ਤਰ੍ਹਾਂ ਖ਼ਤਰਾ ਮੁੱਲ ਲੈਣ ਦੇ ਰੌਂਅ ਵਿਚ ਨਹੀਂ। ਜਿਸ ਤਰ੍ਹਾਂ ਦੀ ਅੰਦਰਖਾਤੇ ਆਉਣ ਵਾਲੇ ਦਿਨਾਂ ਦੇ ਪ੍ਰਸਾਸ਼ਕੀ ਕੰਮਾਂ ਦੇ ਪ੍ਰਬੰਧਾਂ ਨੂੰ ਪੁਖ਼ਤਾ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਪੰਜਾਬ ਵਾਸੀਆਂ ਨੂੰ ਹਾਲੇ ਕਰਫੀਊ ਦੀਆਂ ਪਾਬੰਦੀਆਂ ਤੋਂ ਛੁਟਕਾਰਾ ਨਹੀਂ ਮਿਲਣ ਵਾਲਾ। ਬੀਤੇ ਦਿਨੀਂ ਸਰਕਾਰ ਨੇ ਜਿਥੇ ਕਰਫੀਊ ਤੇ ਲਾਕਡਾਊਨ ਦੀਆਂ ਪਾਬੰਦੀਆਂ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਟਾਸਕ ਫੋਰਸ ਬਣਾਉਣ, ਤਕਨੀਕੀ ਸਿਖਿਆ ਨੂੰ ਆਨ ਲਾਈਨ ਸ਼ੁਰੂ ਕਰਨ ਅਤੇ ਮੁਲਾਜ਼ਮਾਂ ਨੂੰ ਇਕ ਪੱਤਰ ਜਾਰੀ ਕਰ ਕੇ ਆਉਣ ਵਾਲੇ ਦਿਨਾਂ ਲਈ ਜਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਸ ਤੋਂ ਸਰਕਾਰ ਦੇ ਅਗਲੇ ਸਖ਼ਤ ਕਦਮ ਦਾ ਅੰਦਾਜ਼ਾ ਲੱਗ ਰਿਹਾ ਹੈ।


ਸਰਕਾਰ ਵਲੋਂ ਅੱਜ ਜਾਂ ਭਲਕ ਕਰਫ਼ੀਊ ਬਾਰੇ ਫ਼ੈਸਲਾ ਲਿਆ ਜਾਵੇਗਾ। 10 ਅਪ੍ਰੈਲ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਦੀ ਮੀਟਿੰਗ ਵੀ ਸੱਦੀ ਹੋਈ ਹੈ ਅਤੇ 11 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੈ। ਮੁੱਖ ਮੰਤਰੀ ਅਪਣੇ ਮੰਤਰੀ ਸਾਥੀਆਂ ਨੂੰ ਭਰੋਸੇ ਵਿਚ ਲੈ ਕੇ ਕਰਫ਼ੀਊ ਜਾਰੀ ਰੱਖਣ ਦਾ ਫ਼ੈਸਲਾ ਲੈ ਸਕਦੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਫ਼ੈਸਲਾ ਮੁੱਖ ਮੰਤਰੀ 'ਤੇ ਛਡਿਆ ਹੈ ਅਤੇ ਸਿਆਸੀ ਪਾਰਟੀਆਂ ਵੀ ਸਖ਼ਤ ਕਦਮਾਂ ਦੇ ਵਿਰੋਧ ਵਿਚ ਨਹੀਂ ਹਨ।



ਪੰਜਾਬ 'ਚ ਵੀ ਹੁਣ ਮਾਸਕ ਪਾਉਣਾ ਜ਼ਰੂਰੀ : ਕੈਪਟਨ
ਚੰਡੀਗੜ੍ਹ 9 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਵੀ ਹੁਣ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਮਾਸਕ ਪਾਉਣਾ ਜ਼ਰੂਰੀ ਹੈ। ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦਿਤੀ। ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਐਡਵਾਈਜ਼ਰੀ ਜਾਰੀ ਕਰਨ ਲਈ ਸਿਹਤ ਵਿਭਾਗ ਦੇ ਸਕੱਤਰ ਨੂੰ ਕਿਹਾ ਗਿਆ ਹੈ। ਕੈਪਟਨ ਨੇ ਕਿਹਾ ਕਿ ਜਨਤਕ ਥਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਲਈ ਕਰਫ਼ੀਊ 'ਚ ਬਾਹਰ ਨਿਕਲਣ ਵਾਲੇ ਸਾਰੇ ਲੋਕਾਂ ਨੂੰ ਮਾਸਕ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਕੋਰੋਨਾ ਵਰਗੀ ਬਿਮਾਰੀ ਦੀ ਲਾਗ ਤੋਂ ਬਚ ਸਕੀਏ। ਉਨ੍ਹਾਂ ਕਿਹਾ ਕਿ ਘਰ 'ਚ ਤਿਆਰ ਕੀਤਾ ਕਪੜੇ ਦਾ ਮਾਸਕ ਵੀ ਵਰਤਿਆ ਜਾ ਸਕਦਾ ਹੈ। ਜਿਸ ਨੂੰ ਹਰ ਰੋਜ਼ ਸਾਬਣ ਅਤੇ ਸ਼ਰਫ਼ ਆਦਿ ਨਾਲ ਧੋ ਕੇ ਸਾਫ਼ ਵੀ  ਕੀਤਾ ਜਾ ਸਕਦਾ ਹੈ।