ਟਰੰਪ ਦੀ ਧਮਕੀ ਤੋਂ ਡਰਦਿਆਂ ਜੇਕਰ ਮੋਦੀ ਨੇ ਦਵਾਈ ਅਮਰੀਕਾ ਭੇਜੀ ਤਾਂ ਇਹ ਦੇਸ਼ ਨਾਲ ਧ੍ਰੋਹ ਹੋਵੇਗਾ
ਟਰੰਪ ਦੀ ਧਮਕੀ ਤੋਂ ਡਰਦਿਆਂ ਜੇਕਰ ਮੋਦੀ ਨੇ ਦਵਾਈ ਅਮਰੀਕਾ ਭੇਜੀ ਤਾਂ ਇਹ ਦੇਸ਼ ਨਾਲ ਧ੍ਰੋਹ ਹੋਵੇਗਾ : ਡਾ. ਗਾਂਧੀ
ਪਟਿਆਲਾ, 8 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਰੇ ਨਿੱਜੀ ਹਸਪਤਾਲਾਂ ਦਾ ਕੰਟਰੋਲ ਅਪਣੇ ਹੱਥਾਂ ਵਿਚ ਲੈ ਕੇ ਉਨ੍ਹਾਂ ਹਸਪਤਾਲਾਂ ਵਿਚ ਕਰੋਨਾ ਪ੍ਰਭਾਵਤ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ 'ਤੇ ਵਰਦਿਆਂ ਕਿਹਾ ਕਿ ਦੇਸ਼ ਦੇ ਡਾਕਟਰ ਅਤੇ ਨਰਸਾਂ ਵੱਲੋਂ ਚੀਖ ਚੀਖ ਕੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਰਸਨਲ ਪ੍ਰੋਟੈਕਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਇਸ ਬਿਮਾਰੀ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਜਾਨ ਬਚਾ ਕੇ ਅਪਣਾ ਫ਼ਰਜ਼ ਨਿਭਾਅ ਸਕਣ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਅਧੀਨ ਆਉਂਦੇ ਇਕ ਹਸਪਤਾਲ ਵਿਖੇ ਡਾਕਟਰਾਂ ਅਤੇ ਨਰਸਾਂ ਕੋਲ ਅਜਿਹੀਆਂ ਕਿੱਟਾ ਨਾ ਹੋਣ ਕਾਰਨ ਉਥੇ ਦੇ 3 ਡਾਕਟਰਾਂ ਅਤੇ 15-16 ਨਰਸਾਂ ਨੂੰ ਕੋਰੋਨਾ ਵਾਇਰਸ ਹੋ ਗਿਆ। ਉਨ੍ਹਾਂ ਕਿਹਾ ਕਿ ਬੰਬੇ ਵਿੱਚ ਹੀ ਮਸ਼ਹੂਰ ਜਸਲੋਕ ਨਾਮਕ ਹਸਪਤਾਲ ਜਿਥੇ ਕਿ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਸਿਹਤ ਜਾਂਚ ਲਈ ਪਹੁੰਚਦੇ ਹਨ, ਉਥੇ ਵੀ ਡਾਕਟਰ ਅਤੇ ਨਰਸਾਂ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ। ਡਾ. ਗਾਂਧੀ ਨੇ ਕਿਹਾ ਕਿ ਯੁਨੈਸਕੋ ਦੇ ਹੁਕਮਾਂ 'ਤੇ ਭਾਰਤ ਸਰਕਾਰ ਨੇ ਅਪਣੇ ਦੇਸ਼ ਦੇ ਡਾਕਟਰੀ ਅਮਲੇ ਦੀ ਪ੍ਰਵਾਹ ਨਾ ਕਰਦਿਆਂ ਸਿਲਵਾਕੀਆ ਮੁਲਕ ਨੂੰ ਮਾਰਚ ਮਹੀਨੇ ਵਿੱਚ 2 ਜ਼ਹਾਜ ਭੇਜੇ, ਜਿਨ੍ਹਾਂ ਵਿੱਚ ਦਸਤਾਨੇ, ਮਾਸਕ ਅਤੇ ਹੋਰ ਸਮਾਨ ਮੌਜੂਦ ਸੀ ਜੋ ਕਿ ਕੁੱਲ ਮਿਲਾ ਕੇ 78 ਟਨ ਦਾ ਸਮਾਨ ਸੀ।
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਭਾਰਤ ਸਰਕਾਰ ਨੇ ਸਾਨੂੰ ਹਾਈਡ੍ਰੋਕਲੋਰੋਕੁਇਨ ਨਾਲ ਭੇਜੀ ਤਾਂ ਅਸੀਂ ਦੇਖਾਂਗੇਂ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਨੇ ਇਸ ਧਮਕੀ ਹੇਠ ਆ ਕੇ ਜਾਂ ਫਿਰ ਦੋਸਤੀ ਜਾਂ ਮਨੁੱਖਤਾ ਦਾ ਬਹਾਨਾ ਲਗਾ ਕੇ ਜੇਕਰ ਇਹ ਹਾਈਡ੍ਰੋਕਲੋਰੋਕੁਇਨ ਦਿਤੀ ਤਾਂ ਇਹ ਦੇਸ਼ ਅਤੇ ਦੇਸ਼ ਦੇ ਲੋਕਾਂ ਨਾਲ ਧ੍ਰੋਹ ਹੋਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਧਮਕੀ ਦਿਤੀ ਹੈ ਕਿ ਜੇਕਰ ਪੰਜਾਬ ਦੇ ਹਸਪਤਾਲਾਂ ਵਿਚ ਡਾਕਟਰਾਂ ਜਾਂ ਨਰਸਾਂ ਨੂੰ ਕੋਰੋਨਾ ਸੰਕ੍ਰਮਣ ਹੋਇਆ ਜਾਂ ਉਹ ਬੀਮਾਰ ਹੁੰਦੇ ਹਨ ਜਾਂ ਉਨ੍ਰਾਂ ਦਾ ਨੁਕਸਾਨ ਹੋਇਆ ਤਾਂ ਉਹ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ, ਸਿਹਮ ਮੰਤਰੀ ਅਤੇ ਸਿਹਤ ਸਕੱਤਰ ਨੂੰ ਉਹ ਮਾਣਯੋਗ ਹਾਈਕੋਰਟ ਵਿਚ ਘੜੀਸਣਗੇ ਕਤਲ ਦਾ ਮੁਕੱਦਮਾ ਦਰਜ ਕਰਨ ਦੇ ਲਈ।
ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਪ੍ਰਵਾਸੀ ਪੰਜਾਬੀ ਭਾਈ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹਨ ਤੇ ਆਪਦੇ ਦੇਸ਼ ਲਈ ਤਨ ਮਨ ਤੋਂ ਸੋਚਦੇ ਹਨ ਉਨ੍ਹਾਂ ਦੇ ਸਿਰ ਇਸ ਬਿਮਾਰੀ ਦਾ ਠੀਕਰਾ ਫੋੜਨਾ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ।