ਜੇਲਾਂ 'ਚ ਬੰਦ ਸਿੰਘਾਂ ਨੇ ਕੈਪਟਨ ਨੂੰ ਇਨਸਾਫ਼ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਟਕਸਾਲਾਂ ਉਨ੍ਹਾਂ ਦੀ ਸਾਰ ਲੈਣ : ਰਵਿੰਦਰ ਸਿੰਘ

File Photo

ਅੰਮ੍ਰਿਤਸਰ   (ਸੁਖਵਿੰਦਰਜੀਤ ਸਿੰਘ ਬਹੋੜੂ): ਅੰਮ੍ਰਿਤਸਰ ਦੀ ਫਤਾਹਪੁਰ ਜੇਲ੍ਹ 'ਚ ਬੰਦ ਸਿੰਘ ਰਵਿੰਦਰ ਸਿੰਘ ਵਾਸੀ ਮਹਿਣਾ ਵਾਸੀ ਮੋਗਾ , ਧਰਮਿੰਦਰ ਸਿੰਘ ਵਾਸੀ ਬਟਾਲਾ ਨੇ ਦਸਿਆ ਕਿ ਇਥੋਂ ਦੇ ਸਥਾਨਕ ਪ੍ਰਸ਼ਾਸ਼ਨ ਦੀ ਕਥਿਤ ਮਿਲੀ ਭੁਗਤ ਨਾਲ ਉਨ੍ਹਾਂ 'ਤੇ ਜਾਨਲੇਵਾ ਹਮਲੇ ਕਰਵਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਸਾਰੀ ਉਮਰ ਜੇਲ੍ਹ ਦੀਆਂ ਸਲਾਖ਼ਾਂ ਪਿਛੇ ਹੀ ਲੰਘ ਜਾਵੇ। ਇਸ ਧੱਕੇਸ਼ਾਹੀ ਵਿਰੁਧ ਉਨ੍ਹਾਂ ਭੁੱਖ ਹੜਤਾਲ ਕੀਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭੁੱਖ ਹੜਤਾਲ ਨਿਆਂ ਮਿਲਣ ਤਕ ਜਾਰੀ ਰਹੇਗੀ।

ਰਵਿੰਦਰ ਸਿੰਘ ਦੋਸ਼ ਲਾਇਆ ਕਿ ਉਨ੍ਹਾਂ 'ਤੇ ਹਮਲੇ ਜੇਲ ਅੰਦਰ ਜੇਬ ਕਤਰਿਆਂ ਰਾਹੀਂ ਕਰਵਾਏ ਜਾ ਰਹੇ ਹਨ। ਉਨ੍ਹਾਂ ਵਿਸਥਾਰ ਨਾਲ ਦਸਿਆ ਕਿ ਇਕ ਤਾਂ ਮਾਰਕੁਟਾਈ ਕਰਵਾਈ ਜਾਂਦੀ ਹੈ ਦੂਸਰਾ ਸਾਡੇ 'ਤੇ ਗ਼ਲਤ ਪਰਚੇ ਵੀ ਦਰਜ ਕੀਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦਾ ਚਾਲ ਚਲਣ ਬੁਰਾ ਅਸਰ ਪੈਂਦਾ ਰਹੇ। ਉਨ੍ਹਾਂ ਕਿਹਾ ਜੇਕਰ ਉਹ ਇਸ ਧੱਕੇਸ਼ਾਹੀ ਵਿਰੁਧ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦੇ ਹਨ ਤਾਂ ਉਨ੍ਹਾਂ ਦੀ ਜੇਲ੍ਹ ਪੁਲਿਸ ਵਲੋਂ ਮਾਰ-ਕੁੱਟ  ਕੀਤੀ ਜਾਂਦੀ ਹੈ ਤੇ ਚੱਕੀਆਂ ਵਿਚ ਬੰਦ ਕਰ ਕੇ ਅਣ ਮਨੁੱਖੀ ਤਸ਼ੱਦਦ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਥਾਨਕ ਜੇਲ੍ਹ ਵਿਚ ਬੰਦੀ ਸਿੰਘਾਂ ਦੀ ਗਿਣਤੀ 50 ਦੇ ਕਰੀਬ ਹੈ ਜਿਨ੍ਹਾਂ ਦੀ ਉਮਰ 25 ਤੋ 50 ਸਾਲ ਦੇ ਕਰੀਬ ਹੈ ਤੇ ਵੱਖ ਵੱਖ ਬੈਰਕਾਂ ਵਿਚ ਬੰਦ ਹਨ। ਰਵਿੰਦਰ ਸਿੰਘ ਨੇ ਕਿਹਾ ਕਿ ਉਹ ਵੀ ਮੰਗ ਕਰਦੇ ਹਨ ਕਿ ਸਾਨੂੰ ਇਕੋ ਥਾਂ ਰੱਖਿਆ ਜਾਵੇ ਤਾਂ ਜੋ ਉਹ ਸੁਰੱਖਿਅਤ ਰਹਿ ਸਕਣ। 24 ਮਾਰਚ ਦੇ ਹਵਾਲੇ ਨਾਲ ਇਕ ਦਿਨ ਰਵਿੰਦਰ ਸਿੰਘ ਨੇ ਦਸਿਆ ਕਿ ਇਸ ਦਿਨ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਉਸ ਨੇ ਕਿਹਾ ਕਿ ਉਹ ਡਿਪਰੈਸ਼ਨ ਦਾ ਮਰੀਜ਼ ਹੈ  ਅਤੇ ਉਸ ਨੂੰ ਦਵਾਈ  ਨਹੀਂ ਮਿਲ ਰਹੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਜਾਂਚ ਕਰ ਕੇ ਉਨ੍ਹਾਂ ਨੂੰ  ਇਨਸਾਫ਼ ਅਤੇ ਸੁਰੱਖਿਆ ਦਿਵਾਇਆ ਜਾਵੇ।