ਭਾਈ ਮੋਹਨ ਸਿੰਘ ਹੈੱਡ ਗ੍ਰੰਥੀ ਬਾਰੇ ਲਿਖੀ ਚਿੱਠੀ ਦਾ ਨੋਟਿਸ ਸ਼੍ਰੋਮਣੀ ਕਮੇਟੀ ਨੇ ਕਿਉਂ ਨਾ ਲਿਆ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਲਵੰਡੀ ਦਾ ਰਿਸ਼ਤੇਦਾਰ ਹੋਣ ਕਰ ਕੇ ਲਿਹਾਜ਼ ਕੀਤਾ ਗਿਆ ? , ਜਾਤੀਵਾਦ ਭਾਰੂ ਹੋਣ ਕਰ ਕੇ ਮਾੜੇ ਦੀ ਕੋਈ ਵੁੱਕਤ ਨਹੀਂ ਉਥੇ !

File Photo

ਅੰਮ੍ਰਿਤਸਰ, 8 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਰਾਸ਼ਟਰਪਤੀ ਵਲੋਂ ਪਦਮ ਸ਼ੀ੍ਰ ਪੁਰਸਕਾਰ ਨਾਲ ਸਨਮਾਨਤ, ਸ਼੍ਰੀ ਦਰਬਾਰ ਸਾਹਿਬ  ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਦੁੱਖੜੇ ਦੀ ਲਿਖੀ ਚਿੱਠੀ ਹੀ ਉਨ੍ਹਾਂ ਦਾ ਦੁਖਦਾਇਕ ਅੰਤ ਹੋ ਨਿਬੜੀ। ਪ੍ਰਾਪਤ ਜਾਣਕਾਰੀ ਮੁਤਾਬਕ ਲਿਖਤ ਬਹੁਤ ਲੰਬੀ ਹੈ। ਅਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦਸਿਆ ਗਿਆ ਹੈ ਕਿ ਪੰਥਕ ਸੋਚ ਰੱਖਣ ਵਾਲਿਆਂ ਨੂੰ ਪੰਥ ਦੇ ਭਵਿੱਖ ਲਈ ਚਿੰਤਤ ਹੋਣਾ ਜ਼ਰੂਰੀ ਹੈ।
ਦੱਸਣ ਮੁਤਬਕ ਭਾਈ ਨਿਰਮਲ ਸਿੰਘ ਨੇ ਉਸ ਸਮੇਂ ਦੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਮੋਹਣ ਸਿੰਘ  ਬਾਰੇ ਜ਼ਿਕਰ ਕੀਤਾ ਕਿ ਮੈ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਸਮੇਂ ਭਗਤ ਧੰਨਾ ਜੀ ਦਾ ਸ਼ਬਦ ਗਾਇਨ ਕੀਤਾ ਸੀ।

ਸਮਾਪਤੀ ਸਮੇਂ ਮੈਨੂੰ ਮੋਹਣ ਸਿੰਘ ਨੇ ਕਿਹਾ ਕਿ ਤੁਸੀ ਧੰਨੇ ਜਟ ਦਾ ਸ਼ਬਦ ਗਾਇਨ ਕਰ ਕੇ ਬਾਬੇ ਬੁੱਢੇ ਦੀ ਗੱਦੀ ਨੂੰ ਖੁਸ਼ ਕਰ ਦਿਤਾ ਹੈ ਐਵੇਂ ਪੱਛੜੀਆਂ ਜਾਤੀਆਂ ਦੇ ਸ਼ਬਦ ਗਾਉਂਦੇ ਰਹਿੰਦੇ ਹੋ ਭਾਈ ਸਾਹਿਬ ਲਿਖਦੇ ਹਨ ਕਿ ਹੈੱਡ ਗ੍ਰੰਥੀ ਦੇ ਮੁਖ 'ਚੋਂ ਇਹ ਸੁਣ ਕੇ ਮੇਰੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ। ਭਾਈ ਸਾਹਿਬ  ਨੇ ਇਹ ਵੀ ਦਸਿਆ ਕਿ ਤਾਬਿਆ 'ਚ ਬੈਠੇ ਰਾਗੀ ਸਿੰਘਾਂ ਨੂੰ ਗਾਲਾਂ ਕਢਣਾ ਉਨ੍ਹਾਂ ਦੀ ਆਦਤ ਸੀ। ਅਪਣੀ ਹੱਡਬੀਤੀ ਦਾ ਜ਼ਿਕਰ ਕਰਦਿਆਂ ਭਾਈ ਸਾਹਿਬ ਨੇ ਕਿਹਾ ਕਿ ਮੈਂ ਵਿਦੇਸ਼ ਤੋਂ ਵਾਪਸ ਆ ਕੇ ਪ੍ਰਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ।

ਪ੍ਰਕਰਮਾ 'ਚ ਮੋਹਣ ਸਿੰਘ ਮਿਲ ਗਏ ਤਾਂ ਮੈਂ ਫਤਹਿ ਬੁਲਾਈ ਤਾਂ ਅਗੋਂ ਉਨ੍ਹਾਂ ਨੇ ਮੈਨੂੰ ਕਿਹਾ  'ਚੂਹੜ ਡਮ ਆ ਗਈ ਵਿਦੇਸ਼ੋਂ?' ਜਦ ਮੈਂ ਇਤਰਾਜ਼ ਕੀਤਾ ਤਾਂ ਅਗੋਂ ਕਹਿਣ ਲੱਗੇ ਕਿ ਹੋਰ ਮੈਂ ਤੁਹਾਨੂੰ ਪਠਾਣ ਆਖਾਂ! ਭਾਈ ਸਾਹਿਬ ਜੀ ਵਲੋਂ ਸ਼੍ਰੋਮਣੀ ਕਮੇਟੀ ਨੂੰ ਕੀਤੀ ਸ਼ਿਕਾਇਤ ਦੀ ਕੋਈ ਸੁਣਵਾਈ ਨਾ ਹੋਣ ਦਾ ਕਾਰਨ, ਹੈੱਡ ਗਰੰਥੀ ਮੋਹਣ ਸਿੰਘ ਦੀ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨਾਲ ਰਿਸ਼ਤੇਦਾਰੀ ਹੋਣਾ ਸੀ।

ਇਸ ਦਾ ਨਤੀਜਾ ਇਹ ਨਿਕਲਿਆ ਕਿ ਨਿਰਮਲ ਸਿੰਘ  ਉੱਤੇ ਨਾ ਮੰਨਣ ਯੋਗ ਇਲਜ਼ਾਮ ਲਾ ਕੇ ਡਿਉਟੀ ਤੋਂ ਫਾਰਗ਼ ਕਰ ਦਿਤਾ। ਫਿਰ ਦੇਸ਼ ਵਿਦੇਸ਼ ਤੋਂ ਤਿੱਖੀ ਵਿਰੋਧਤਾ ਹੋਣ ਤੇ  ਬਹਾਲ ਕਰ ਦਿਤਾ ਗਿਆ । ਅੱਜ ਵੀ ਭਾਈ ਸਾਹਿਬ  ਨੂੰ ਕੋਰੋਨਾ ਨਾ ਹੋਣ ਦੇ ਬਾਵਜੂਦ ਦੋ ਦਿਨ ਵਿਚ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਮੌਤ ਘੋਸ਼ਿਤ ਕਰਨਾ, ਉਨ੍ਹਾਂ ਨੂੰ ਹਸਪਤਾਲ ਅੰਦਰ ਦਵਾਈ ਨ ਦੇਣਾ, ਉਨ੍ਹਾਂ ਦੀ ਦੇਹ ਨੂੰ ਅਗਨੀ ਭੇਟ ਕਰਨ ਸਮੇਂ ਰੋਲਣਾ ਤੇ ਮੌਤ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਚਲ ਰਹੇ ਕੀਰਤਨ 'ਚ ਕੋਈ ਮੌਤ ਪਰਥਾਏ ਸ਼ਬਦ ਨਾ ਲਾਉਣਾ, ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁੱਖ ਵਾਕ ਦੀ ਵਿਆਖਿਆ ਸਮੇਂ ਉਨ੍ਹਾਂ ਦੀ ਮੌਤ ਬਾਰੇ ਜ਼ਿਕਰ ਤਕ ਨਾ ਕੀਤਾ ਗਿਆ।  ਸ਼੍ਰੋਮਣੀ ਕਮੇਟੀ ਨੂੰ ਅਪਣੇ ਦੁਖੜੇ ਦੀ ਲਿਖੀ ਚਿੱਠੀ ਹੀ, ਉਨ੍ਹਾਂ ਦੇ ਦੁਖੜੇ ਦਾ ਅੰਤ ਹੋ ਨਿਬੜੀ।