ਦੋ ਦਿਨਾਂ 'ਚ ਹਸਪਤਾਲ ਸਟਾਫ਼ ਨੂੰ ਪੀ.ਪੀ.ਈ. ਕਿੱਟਾਂ ਦੇਣਾ ਮੇਰਾ ਵਾਅਦਾ ਰਿਹਾ : ਡਾ. ਰਾਜ
ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਕੋਰੋਨਾ ਵਾਇਰਸ ਦੇ ਸਮੂਦਾਇਕ ਪ੍ਰਸਾਰ ਦੇ ਮੰਡਰਾਉਂਦੇ ਖ਼ਤਰੇ ਦੇ ਮੱਦੇਨਜ਼ਰ ਅਪਣੇ ਹਲਕੇ ਵਿਚ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ
ਹੁਸ਼ਿਆਰਪੁਰ (ਥਾਪਰ) : ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਕੋਰੋਨਾ ਵਾਇਰਸ ਦੇ ਸਮੂਦਾਇਕ ਪ੍ਰਸਾਰ ਦੇ ਮੰਡਰਾਉਂਦੇ ਖ਼ਤਰੇ ਦੇ ਮੱਦੇਨਜ਼ਰ ਅਪਣੇ ਹਲਕੇ ਵਿਚ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਪ੍ਰਬੰਧ ਹੋਰ ਮਜਬੂਤ ਕਰਣ ਲਈ ਕਦਮ ਚੁੱਕ ਰਹੇ ਹਨ। ਇਸੀ ਕੜੀ ਵਿਚ ਕਲ ਉਨ੍ਹਾਂ ਨੇ ਹਾਰਟਾ-ਬਡਲਾ ਪੀ.ਐਚ.ਸੀ. (ਪ੍ਰਾਇਮਰੀ ਹੈਲਥ ਕੇਅਰ) ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰੇ ਤਹਿਤ ਡਾ. ਰਾਜ ਨੇ ਹਸਪਤਾਲ ਦੇ ਐਸ.ਐਮ.ਓ. ਸੁਨੀਲ ਅਹੀਰ ਤੇ ਸਮੂਹ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਨਾਲ ਐਮਰਜੈਂਸੀ ਮੀਟਿੰਗ ਕੀਤੀ।
ਉਨ੍ਹਾਂ ਤੋਂ ਹਸਪਤਾਲ ਦੇ ਪ੍ਰਬੰਧਾਂ ਦਾ ਵੇਰਵਾ ਲਿਆ ਅਤੇ ਦਰਪੇਸ਼ ਸਮੱਸਿਆਵਾਂ ਦੀ ਵੀ ਜਾਣਕਾਰੀ ਲਈ। ਡਾ. ਅਹੀਰ ਨੇ ਦਸਿਆ ਕਿ ਆਮ ਮਾਸਕ ਤਾਂ ਟੀਮ ਕੋਲ ਹਨ ਪਰ ਐਨ-95 ਮਾਸਕ ਮੈਡੀਕਲ ਸਟਾਫ਼ ਕੋਲ ਹੋਣ ਤਾਂ ਬਿਹਤਰ ਹੈ। ਇਸ 'ਤੇ ਵਿਧਾਇਕ ਡਾ. ਰਾਜ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਦੋ ਦਿਨਾਂ ਤਕ ਸੰਪੂਰਣ ਪੀ.ਪੀ.ਈ. (ਨਿਜੀ ਸੁਰੱਖਿਆ ਉਪਕਰਣ) ਕਿੱਟਾਂ ਉਹ ਖ਼ੁਦ ਮੁਹੱਈਆ ਕਰਵਾ ਕੇ ਦੇਣਗੇ। ਇਨ੍ਹਾਂ ਕਿੱਟਾਂ ਵਿਚ ਐਨ-95 ਮਾਸਕ ਦੇ ਨਾਲ-ਨਾਲ ਸੇਫ਼ਟੀ ਗੋਗਲ, ਦਸਤਾਨੇ, ਸ਼ੂ-ਕਵਰ ਅਤੇ ਖਾਸ ਬਾਡੀ-ਸੂਟ (ਪੂਰੇ ਸ਼ਰੀਰ ਨੂੰ ਢੱਕਣ ਵਾਲੀ ਵਰਦੀ) ਵੀ ਹੋਵੇਗੀ। ਇਸ ਐਮਰਜੈਂਸੀ ਮੀਟਿੰਗ ਵਿਚ ਪੀ.ਡਬਲਿਊ.ਡੀ., ਫੂਡ ਕਾਰਪੋਰੇਸ਼ਨ ਅਤੇ ਬਿਜਲੀ ਵਿਭਾਗ ਦੇ ਅਫ਼ਸਰ ਵੀ ਮੌਜੂਦ ਸਨ ਅਤੇ ਡਾ. ਰਾਜ ਨੇ ਹਰ ਵਿਭਾਗ ਨਾਲ ਸਬੰਧਤ ਜਾਣਕਾਰੀ ਲਈ।