ਮਹਾਂਰੈਲੀ ਕਰ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

20 ਅਪ੍ਰੈਲ ਨੂੰ ਹਜ਼ਾਰਾਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਕੂਚ ਕਰਨ ਦਾ ਕੀਤਾ ਐਲਾਨ

Kisan Mazdoor Sangharsh Committee Rally

ਟਾਂਡਾ ਉੜਮੁੜ (ਅੰਮ੍ਰਿਤਪਾਲ ਬਾਜਵਾ) : ਖੇਤੀ ਕਾਨੂੰਨਾ ਦੇ ਵਿਰੋਧਵਿਚ ਕਿਸਾਨ ਜਥੇਬੰਦੀਆਂ ਦਾ ਗੁੱਸਾ ਠੰਡਾ ਨਹੀ ਪੈ ਰਿਹਾ ਭਾਵੇਂ ਕਿ ਸਮੇ ਦੀਆਂ ਸਰਕਾਰ ਵਲੋਂ ਕੋਰੋਨਾ ਨੂੰ ਮੱਦੇਨਜਰ ਰੱਖਦਿਆਂ ਆਏ ਦਿਨ ਨਿੱਤ ਨਵੇਂ ਹੁਕਮ ਜਾਰੀ ਕੀਤੇ ਜਾਦੇਂ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਸ ਸਮੇਂ ਤੱਕ ਕਿਸਾਨ ਆਪਣਾ ਪ੍ਰਦਸਨ ਸਾਂਤ ਨਹੀਂ ਕਰਨਗੇ। 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਦਾਣਾ ਮੰਡੀ ਟਾਂਡਾ ਵਿਚ ਵੱਡੀ ਕਿਸਾਨ ਮਹਾਂ ਰੈਲੀ ਕਰਕੇ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਰੈਲੀ ਵਿੱਚ ਟਾਂਡਾ ਤੇ ਮੰਡ ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਾਮਲ ਹੋ ਕੇ ਮੋਦੀ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ।

ਜੋਨ ਟਾਂਡਾ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਸਕੱਤਰ ਕੁਲਦੀਪ ਸਿੰਘ ਬੇਗੋਵਾਲ, ਨਿਸ਼ਾਨ ਸਿੰਘ ਨਡਾਲਾ, ਕਸ਼ਮੀਰ ਸਿੰਘ ਫੱਤਾਕੁੱਲਾ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਇਸ ਰੈਲੀ ਵਿੱਚ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ, ਗੁਰਜੀਤ ਸਿੰਘ ਵਲਟੋਹਾ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਅੰਨਦਾਤਿਆ ਦੇ ਹਿੱਤਾਂ ਨੂੰ ਤਬਾਹ ਕਰਨ ਲਈ ਆਪਣੇ ਭਾਈਵਾਲ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਕਿਸਾਨੀ ਹੀ ਨਹੀਂ ਹੌਲੀ ਹੌਲੀ ਦੇਸ਼ ਦੇ ਸਾਰੇ ਜਨਤਕ ਅਦਾਰੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ।

ਮੋਦੀ ਸਰਕਾਰ ਦੀਆਂ ਇਨ੍ਹਾਂ ਦਮਨਕਾਰੀ ਨੀਤੀਆਂ ਨਾਲ ਜਿੱਥੇ ਕਿਸਾਨ ਬਰਬਾਦ ਹੋਣਗੇ ਉੱਥੇ ਹਰੇਕ ਵਰਗ ਤੰਗ ਹੋਵੇਗਾ। ਉਨ੍ਹਾਂ ਆਖਿਆ ਕਿ ਦੇਸ਼ ਦੇ ਅੰਨਦਾਤੇ ਆਪਣੇ ਵਜੂਦ ਨੂੰ ਬਚਾਉਣ ਲਈ ਦਿੱਲੀ ਮੋਰਚੇ 'ਤੇ ਡਟੇ ਰਹਿਣਗੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਚੱਲਣ ਵਾਲਾ ਉਨ੍ਹਾਂ ਦਾ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹੋਵੇਗਾ।

ਇਸ ਲਈ 20 ਅਪ੍ਰੈਲ ਨੂੰ ਅਨਾਜ ਮੰਡੀ ਟਾਂਡਾ ਤੋਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨਾਲ ਸੰਬੰਧਤ ਜਥੇਬੰਦੀ ਦੇ ਕਾਰਕੁੰਨ ਹਜ਼ਾਰਾਂ ਟਰੈਕਟਰ ਟਰਾਲੀਆਂ 'ਤੇ ਦਿੱਲੀ ਕੂਚ ਕਰਨਗੇ। ਇਸ ਮੌਕੇ ਉਨ੍ਹਾਂ ਆਖਿਆ ਕਿ ਸਧਾਰਨ ਫਲੂ ਨੂੰ ਕੋਰੋਨਾ ਮਹਾਮਾਰੀ ਰੂਪ ਦੇ ਕੇ ਲੋਕਾਂ ਦੇ ਇਕੱਠ ਤੇ ਲਾਈ ਸਰਕਾਰੀ ਪਬੰਧੀ ਦਾ ਲਗਾਤਾਰ ਕਿਸਾਨ ਵਿਰੋਧ ਕਰਦੇ ਰਹਿਣਗੇ। ਇਸ ਮੌਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ।