ਪੱਗ ਬੰਨ੍ਹ ਦਿੱਲੀ ਲਈ ਰਵਾਨਾ ਹੋਇਆ ਲੱਖਾ ਸਿਧਾਣਾ, ਗ੍ਰਿਫ਼ਤਾਰੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ 1 ਲੱਖ ਦਾ ਇਨਾਮ ਰੱਖਿਆ ਹੋਇਆ ਹੈ

Lakha Sidhana

ਸੰਗਰੂਰ : ਸਿਰ 'ਤੇ ਪੱਗ ਸਜਾ ਕੇ ਲੱਖਾ ਸਿਧਾਣਾ ਇੱਕ ਵਾਰ ਮੁੜ ਤੋਂ ਕਿਸਾਨ ਅੰਦੋਲਨ ਵਿਚ ਸ਼ਾਮਲ ਹੋ ਗਿਆ ਹੈ, 100 ਗੱਡੀਆਂ ਦੇ ਕਾਫ਼ਲੇ ਨਾਲ ਕਿਸਾਨਾਂ ਵੱਲੋਂ ਐਲਾਨੇ 10 ਅਪ੍ਰੈਲ ਦੇ (KMP) ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇਅ ਨੂੰ ਜਾਮ ਕਰਨ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਲੱਖਾ ਸਿਧਾਣਾ ਨੇ ਵੱਡਾ ਐਲਾਨ ਕੀਤਾ ਹੈ। 

ਸੰਗਰੂਰ ਦੇ ਗੁਰਦੁਆਰਾ ਸ੍ਰੀ ਮਸਤੂਆਨਾ ਸਾਹਿਬ ਤੋਂ ਦਿੱਲੀ ਵੱਲ ਜਾਣ ਤੋਂ ਪਹਿਲਾਂ ਲੱਖਾ ਸਿਧਾਣਾ ਨੇ ਆਪਣੇ ਸਾਥੀਆਂ ਨੂੰ ਕਿਹਾ "ਕੱਲ੍ਹ ਜਾਂ ਪਰਸੋਂ ਨੂੰ ਜੇ ਮੈਂ ਫੜ੍ਹਿਆ ਜਾਂਦਾ ਹਾਂ ਤਾਂ ਕ੍ਰਿਪਾ ਕਰਕੇ ਅੰਦੋਲਨ ਨਾਲੋਂ ਨਾ ਟੁੱਟਿਓ" ਉਸ ਨੇ ਨੌਜਵਾਨਾਂ ਨੂੰ ਕਿਹਾ ਕਿ ਅੰਦੋਲਨ ਤੋਂ ਦੂਰ ਨਹੀਂ ਹੋਣਾ ਹੈ ਜਿੱਤ ਕੇ ਹੀ ਵਾਪਸ ਪਰਤਨਾ ਹੈ, ਉਸ ਨੇ ਵੱਧ ਤੋਂ ਵੱਧ ਲੋਕਾਂ ਨੂੰ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਦੱਸ ਦਈਏ ਕਿ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ 1 ਲੱਖ ਦਾ ਇਨਾਮ ਰੱਖਿਆ ਹੋਇਆ ਹੈ, ਪੰਜਾਬ ਵਿੱਚ ਵੀ ਦਿੱਲੀ ਪੁਲਿਸ ਲੱਖਾ ਸਿਧਾਣਾ ਨੂੰ ਗਿਰਫ਼ਤਾਰ ਕਰਨ ਪਹੁੰਚੀ ਸੀ ਪਰ ਕਾਮਯਾਬ ਨਹੀਂ ਹੋ ਸਕੀ ਸੀ, ਹੁਣ ਲੱਖਾ ਸਿਧਾਣਾ ਜਦੋਂ ਆਪ ਦਿੱਲੀ ਪਹੁੰਚ ਰਿਹਾ ਹੈ ਤਾਂ ਦਿੱਲੀ ਪੁਲਿਸ ਲਈ ਉਸ ਨੂੰ ਗਿਰਫ਼ਤਾਰ ਕਰਨਾ ਆਸਾਨ ਨਹੀਂ ਹੋਵੇਗਾ, ਕਿਉਂਕਿ 100 ਗੱਡੀਆਂ ਦੇ ਕਾਫ਼ਲੇ ਨਾਲ ਦਿੱਲੀ ਆ ਰਹੇ ਲੱਖਾ ਸਿਧਾਣਾ ਦੇ ਨਾਲ ਹਜ਼ਾਰਾਂ ਨੌਜਵਾਨ ਵੀ ਹਨ।

ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਨੂੰ ਕਿਸਾਨ ਅੰਦੋਲਨ ਵਿਚ ਆਉਣ ਲਈ ਸੱਦਾ ਦਿੱਤਾ ਸੀ। 26 ਜਨਵਰੀ ਦੀ ਹਿੰਸਾ ਤੋਂ ਬਾਅਦ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਤੋਂ ਕਿਸਾਨ ਜਥੇਬੰਦੀਆਂ ਨੇ ਦੂਰੀਆਂ ਬਣਾ ਲਈਆਂ ਸਨ, ਦੀਪ ਸਿੱਧੂ ਨੂੰ ਤਾਂ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ ਪਰ ਲੱਖਾ ਸਿਧਾਣਾ ਨੂੰ ਪੁਲਿਸ ਗਿਰਫ਼ਤਾਰ ਨਹੀਂ ਕਰ ਸਕੀ, ਕੁੱਝ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਅਹਿਮ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਲੱਖਾ ਸਿਧਾਣਾ ਕਿਸਾਨਾਂ ਦੇ ਮੰਚ 'ਤੇ ਆਉਣਗੇ ਤਾਂ ਮਨਾ ਨਹੀਂ ਕਰਨਗੇ

 ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਮੁੜ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਲੱਖਾ ਸਿਧਾਣਾ ਬੁੱਧਵਾਰ ਰਾਤ ਲਾਈਵ ਵੀ ਹੋਇਆ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਆਪਣੇ ਸਾਥੀਆਂ ਨਾਲ 9 ਅਪਰੈਲ ਨੂੰ ਹੀ ਮਸਤੂਆਣਾ ਤੋਂ ਦਿੱਲੀ ਪਹੁੰਚ ਜਾਵੇਗਾ। ਉਸ ਨੇ ਕਿਹਾ ਕਿ ਖੇਤੀ ਕਾਨੂੰਨ ਸਭ ਲਈ ਨੁਕਸਾਨਦੇਹ ਹਨ।

ਇਸ ਲਈ ਹਰ ਛੋਟੇ ਕਾਰੋਬਾਰੀ ਨੂੰ 10 ਅਪ੍ਰੈਲ ਨੂੰ ਬਿਨਾਂ ਸੋਚੇ ਸਮਝੇ ਕੇਐਮਪੀ ਰੋਡ ਦਿੱਲੀ ਪਹੁੰਚਣਾ ਚਾਹੀਦਾ ਹੈ, ਤਾਂ ਜੋ ਕੇਂਦਰ ਸਰਕਾਰ 'ਤੇ ਦਬਾਅ ਪਾਇਆ ਜਾ ਸਕੇ। ਲੱਖਾ ਸਿਧਾਣਾ ਨੇ ਕਿਹਾ ਕਿ ਜੇਕਰ ਸਰਕਾਰ ‘ਤੇ ਕੋਈ ਦਬਾਅ ਨਹੀਂ ਹੁੰਦਾ ਤਾਂ ਕਿਸਾਨਾਂ ਅਤੇ ਆਮ ਲੋਕਾਂ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਜੇ ਸਰਕਾਰ ਤੋਂ ਕੋਈ ਮੰਗ ਮਨਵਾਉਣੀ ਹੈ, ਤਾਂ ਇਸ ਲਈ ਦਬਾਅ ਬਣਾਉਣਾ ਜ਼ਰੂਰੀ ਹੈ।"