ਲਾਕਡਾਊਨ ਨੇ ਬਦਲੀ ਵਿਦੇਸ਼ ਵਿਚ ਰਹਿੰਦੇ ਜੋੜੇ ਦੀ ਜ਼ਿੰਦਗੀ, ਸ਼ੁਰੂ ਕੀਤਾ ਆਪਣਾ ਕਾਰੋਬਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪਣੀ ਪਤਨੀ ਸਮੇਤ ਪਿੰਡ ਵਿਚ ਸ਼ੁਰੂ ਕੀਤਾ ਆਪਣਾ ਕਾਰੋਬਾਰ

Balkar Singh

 ਫਰੀਦਕੋਟ ( ਸੁਖਵਿੰਦਰ ਸਹੋਤਾ)  ਜਿਥੇ ਕੋਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਉਥੇ ਹੀ ਇਸ ਲਾਕਡਾਊਨ ਨਾਲ ਕਈ ਲੋਕਾਂ ਦੀ ਜ਼ਿੰਦਗੀ ਸਵਰ ਗਈ ਅਤੇ ਕਈ ਲੋਕਾਂ ਨੂੰ ਆਪਣੇ ਕਾਰੋਬਾਰ ਤੋਂ ਹੱਥ ਧੋਣੇ ਪਏ। ਅਜਿਹੇ ਵਿਚ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਵਾਲੇ ਲੋਕ ਵੀ ਕਾਫੀ ਪ੍ਰਭਾਵਿਤ ਹੋਏ। ਵਿਦੇਸ਼ੀ ਲੋਕਾਂ ਨੂੰ ਕਾਫ਼ੀ ਦਿਕਤਾਂ ਦਾ ਸਾਹਮਣਾ ਕਰਨਾ ਪਿਆ।

ਉਥੇ ਹੀ ਅੱਜ ਅਸੀਂ ਤੁਹਾਨੂੰ ਅਜਿਹੇ ਸਖ਼ਸ ਬਾਰੇ ਦੱਸਾਂਗੇ ਜੋ ਲਾਕਡਾਊਨ ਦੌਰਾਨ ਵਿਦੇਸ਼ ਤੋਂ ਆਪਣੇ ਘਰ ਆਏ ਸਨ ਅਤੇ ਇਥੇ ਹੀ ਫਸ ਗਏ ਪਰ ਬਾਅਦ ਵਿਚ ਉਹਨਾਂ ਨੇ ਆਪਣੀ ਇਸ ਮਜ਼ਬੂਰੀ ਨੂੰ ਕਮਜ਼ੋਰੀ ਨਹੀਂ ਬਣਨ ਦਿੱਤਾ ਸਗੋਂ ਇਸ ਮਜ਼ਬੂਰੀ ਤੋਂ ਲਾਹਾ ਲੈ ਘਰੇ ਖੜ੍ਹੇ ਟਰੈਕਟਰ ਟਰਾਲੀ ਨੂੰ ਇਕ ਚਲਦੀ ਫਿਰਦੀ ਦੁਕਾਨ ਵਿਚ ਬਦਲ ਕੇ ਪਿੰਡ ਵਿਚ ਹੀ ਆਪਣਾ ਰੋਜ਼ਗਾਰ ਸ਼ੁਰੂ ਕਰ ਲਿਆ।

ਇਹ ਸਖ਼ਸ ਹੈ ਬਲਕਾਰ ਸਿੰਘ ਜੋ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਟਹਿਣਾਂ ਦਾ ਵਸਨੀਕ ਹੈ। ਬਲਕਾਰ ਸਿੰਘ ਆਪਣੀ ਪਤਨੀ ਨਾਲ ਲਿਬਨਾਨ ਵਿਚ ਰਹਿ ਰਹੇ ਸਨ। ਲਾਕਡਾਊਨ ਤੋਂ ਪਹਿਲਾਂ ਦੋਵੇਂ ਪਤੀ ਪਤਨੀ ਆਪਣੇ ਪਿੰਡ ਟਹਿਣਾਂ ਆਏ ਤੇ ਇਥੇ ਹੀ ਫਸ ਗਏ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਹਨਾਂ ਦੋਹਾਂ ਨੇ ਪਿੰਡ ਟਹਿਣਾਂ ਵਿਚ ਹੀ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਿਆ। ਘਰੇ ਖੜ੍ਹੇ ਟਰੈਕਟਰ ਟਰਾਲੀ ਨੂੰ ਚਲਦੀ ਫਿਰਦੀ ਦੁਕਾਨ ਦਾ ਰੂਪ ਦੇ ਮਹਿਜ ਡੇਢ ਕੁ ਲੱਖ ਰੁਪਏ ਦੀ ਲਾਗਤ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। 

ਜਦ ਬਲਕਾਰ ਸਿੰਘ ਅਤੇ ਉਹਨਾਂ ਦੀ ਪਤਨੀ ਨਾਲ ਗੱਲ ਕੀਤੀ ਗਈ ਤਾਂ ਉਹਨਾ ਦੱਸਿਆ ਕਿ ਉਹਨਾਂ ਨੇ 28 ਸਾਲ ਲਿਬਨਾਨ ਵਿਚ ਇਕ ਪੇਂਟ ਕੰਪਨੀ ਵਿਚ ਕੰਮ ਕੀਤਾ ਅਤੇ ਦੋਹੇਂ ਪਤੀ ਪਤਨੀ ਉਥੇ ਮਹੀਨੇ ਦਾ ਡੇਢ ਲੱਖ ਰੁਪਏ ਬਚਾ ਲੈਂਦੇ ਸਨ ਪਰ ਉਹ ਇੰਨੀ ਮਿਹਨਤ ਕਰ ਕੇ ਵੀ ਆਪਣੇ ਬੱਚਿਆ ਅਤੇ ਪਰਿਵਾਰ ਤੋਂ ਦੂਰ ਸਨ ਅਤੇ ਕਰੀਬ 6 ਕੁ ਮਹੀਨਿਆਂ ਬਾਅਦ ਹੀ ਪਿੰਡ ਆਉਂਦੇ ਸਨ। ਉਹਨਾਂ ਕਿਹਾ ਕਿ ਹੁਣ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਅਤੇ ਹੁਣ ਲੋਕਾਂ ਦਾ ਵੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਉਹਨਾਂ ਦੱਸਿਆ ਕਿ ਉਹਨਾਂ ਆਪਣੇ ਪਿੰਡ ਵਿਚੋਂ ਲੰਘਦੇ ਨੈਸ਼ਨਲ ਹਾਈਵੇ ਕਿਨਾਰੇ ਆਪਣਾ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਹੈ। ਜਿਸ ਵਿਚ ਉਹ ਰਾਅ ਮਟੀਰੀਅਲ ਆਪਣਾ ਘਰ ਦਾ ਹੀ ਵਰਤਦੇ ਹਨ।

ਜਿਥੇ ਉਹਨਾਂ ਨੂੰ ਆਪਣੇ ਰਾਅ ਮਟੀਰੀਅਲ ਤੋਂ ਆਮਦਨ ਹੋਣ ਲੱਗੀ ਉਥੇ ਹੀ ਉਹਨਾਂ ਦੇ ਬਣੇ ਪਕਵਾਨ ਲੋਕਾਂ ਦੀ ਪਹਿਲੀ ਪਸੰਦ ਬਣਨ ਲੱਗੇ ਹਨ। ਉਹਨਾਂ ਦੱਸਿਆ ਕਿ ਭਾਵੇਂ ਹਾਲੇ ਉਹਨਾਂ ਦੀ ਆਮਦਨ ਲਿਬਨਾਨ ਦੇ ਮੁਕਾਬਲੇ ਘੱਟ ਹੈ ਪਰ ਉਹਨਾਂ ਨੂੰ ਅਪਣੇ ਪਰਿਵਾਰ ਵਿਚ ਰਹਿ ਕੇ ਜੋ ਸਕੂਨ ਮਿਲ ਰਿਹਾ ਉਹ ਉਹਨਾਂ ਲਈ ਬਹੁਤ ਕੀਮਤੀ ਹੈ। ਜਦ ਉਹਨਾਂ ਨੂੰ ਕੰਮ ਬਾਰੇ ਪੁਛਿਆ ਗਿਆ ਕਿ ਉਹਨਾਂ ਨੂੰ ਸੜਕ ਕਿਨਾਰੇ ਖੜ੍ਹ ਕੇ ਕੰਮ ਕਰਨ ਵਿਚ ਕੋਈ ਝਿਜਕ ਮਹਿਸੂਸ ਤਾਂ ਨਹੀਂ ਹੁੰਦੀ ਤਾਂ ਉਹਨਾਂ ਕਿਹਾ ਕਿ ਲੋਕਾਂ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਬਾਕੀ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਨਾਲੇ ਵਿਦੇਸ਼ਾਂ ਵਿਚ ਜਾ ਕੇ ਉਥੋਂ ਦੇ ਲੋਕਾਂ ਦੀ ਗੁਲਾਮੀਂ ਕਰਨ ਦੀ ਬਿਜਾਏ ਆਪਣਿਆ ਵਿਚ ਰਹਿ ਕਿ ਆਪਣਾ ਕਾਰੋਬਾਰ ਕਰਨ ਵਿਚ ਕੋਈ ਹਰਜ ਨਹੀਂ।

ਇਸ ਮੌਕੇ ਬਲਕਾਰ ਸਿੰਘ ਦੇ ਕਿਸਾਨ ਫੂਡ ਹੱਟ ਤੋਂ ਖਾਣ ਪੀਣ ਦੇ ਸਮਾਨ ਦਾ ਸਵਾਦ ਚੱਖਣ ਆਏ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਆਪਣੇ ਪਸੰਦ ਦਾ ਫਾਸਟ ਫੂਡ ਖਾਣ ਦੇ ਲਈ ਫਰੀਦਕੋਟ ਸ਼ਹਿਰ ਜਾਣਾ ਪੈਂਦਾ ਸੀ ਅਤੇ ਉਥੇ ਇਹ ਵੀ ਪਤਾ ਨਹੀਂ ਸੀ ਹੁੰਦਾ ਹੇ ਕਿ ਜੋ ਫਾਸਟ ਫੂਡ ਅਸੀਂ ਖ੍ਰੀਦ ਕੇ ਖਾ ਰਹੇ ਹਾਂ ਉਹ ਸਾਫ ਸੁਥਰਾ ਹੈ ਜਾਂ ਨਹੀ।

ਉਹਨਾਂ ਕਿਹਾ ਕਿ ਪਰ ਇਥੇ ਉਹਨਾਂ ਨੂੰ ਪਤਾ ਹੈ ਕਿ ਜੋ ਵੀ ਚੀਜ਼ ਇਥੇ ਬਣੇਗੀ ਉਹ ਸਾਫ ਸੁਥਰੀ ਅਤੇ ਤਸੱਲੀ ਬਖਸ਼ ਹੋਵੇਗੀ। ਉਹਨਾਂ ਕਿਹਾ ਕਿ ਇਹ ਇਥੇ ਆਪਣੇ ਘਰ ਦਾ ਘਿਉ ,ਤੇਲ, ਮੱਖਣ ,ਦਹੀਂ ਦੁੱਧ, ਪਨੀਰ ਆਦਿ ਵਰਤਦੇ ਹਨ ਜੋ ਕਿ ਸਿਹਤ ਲਈ ਠੀਕ ਹਨ। ਉਹਨਾਂ ਕਿਹਾ ਕਿ ਇਹਨਾਂ ਦੇ ਬਣਾਏ ਪਕਵਾਨ ਜੋ ਵੀ ਇਕ ਵਾਰ ਇਥੋਂ ਖਾ ਕੇ ਜਾਂਦਾ ਉਹ ਦੁਬਾਰਾ ਮੁੜ ਕੇ ਇਹਨਾਂ ਕੋਲ ਜ਼ਰੂਰ ਆਉਂਦਾ।