ਪਿਊਸ਼ ਗੋਇਲ ਪੰਜਾਬ ਦੇ ਮੰਤਰੀਆਂ ਨਾਲ ਮੀਟਿੰਗ ਵਿਚ ਸਿੱਧੀ ਅਦਾਇਗੀ ਦੇ ਫ਼ੈਸਲੇ ’ਤੇ ਅੜੇ
ਫ਼ੈਸਲਾ ਵਾਪਸ ਲੈਣ ਤੋਂ ਕੀਤੀ ਸਾਫ਼ ਨਾਂਹ ਪਰ ਕਿਸਾਨਾਂ ਨੂੰ ਲੈਂਡ ਰਿਕਾਰਡ ਦੇਣ ਲਈ ਇਸ ਸੀਜ਼ਨ ’ਚ ਦਿਤੀ ਛੋਟ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਹਾੜੀ ਦੀ ਫ਼ਸਲ ਦੀ ਸਿਧੀ ਅਦਾਇਗੀ ਨੂੰ ਲੈ ਕੇ ਅੱਜ ਪੰਜਾਬ ਦੇ ਮੰਤਰੀਆਂ ਦੀ ਕੇਂਦਰੀ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਪਿਊਸ਼ ਗੋਇਲ ਨਾਲ ਕੋਈ ਮੀਟਿੰਗ ਵਿਚ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਅਤੇ ਕੇਂਦਰੀ ਮੰਤਰੀ ਨੇ ਸਿੱਧੀ ਅਦਾਇਗੀ ਦਾ ਫ਼ੈਸਲਾ ਵਾਪਸ ਲੈਣ ਬਾਰੇ ਦੋ ਟੁਕ ਜਵਾਬ ਦਿੰਦਿਆਂ ਸਾਫ਼ ਨਾਂਹ ਕਰ ਦਿਤੀ ਹੈ। ਪਰ ਥੋੜ੍ਹੀ ਰਾਹਤ ਜ਼ਰੂਰ ਦਿਤੀ ਹੈ ਕਿ ਉਹ ਪੰਜਾਬ ਦੇ ਮੰਤਰੀਆਂ ਦੇ ਜ਼ੋਰ ਦੇਣ ਤੇ ਕਿਸਾਨਾਂ ਤੋਂ ਜ਼ਮੀਨਾਂ ਦੀਆਂ ਜਮ੍ਹਾਂਬੰਦੀਆਂ (ਲੈਂਡ ਰਿਕਾਰਡ) ਫਿਲਹਾਲ ਇਸ ਸੀਜ਼ਨ ਵਿਚ ਜਮ੍ਹਾਂ ਨਾ ਕਰਵਾਉਣਲਈ ਸਹਿਮਤ ਹੋ ਗਏ ਹਨ।
ਕੇਂਦਰੀ ਮੰਤਰੀ ਨਾਲ ਮੀਟਿੰਗ ਵਿਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਮੌਜੂਦ ਸਨ। ਦੋ ਘੰਟੇ ਚੱਲੀ ਮੀਟਿੰਗ ਵਿਚ ਵਿਚਾਰ ਵਟਾਂਦਰਾ ਹੋਇਆ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੈ ਕਿਹਾ ਕਿ ਅਸੀ ਕੇਂਦਰ ਤੋਂ ਸਿੱਧੀ ਅਦਾਇਗੀ ਦਾ ਫ਼ੈਸਲਾ ਲਾਗੂ ਕਰਨ ਲਈ ਸਮਾਂ ਮੰਗਿਆ ਸੀ ਪਰ ਕੇਂਦਰੀ ਮੰਤਰੀ ਨੇ ਮੰਗ ਸਿੱਧੇ ਤੌਰ ’ਤੇ ਰੱਦ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਵਾਪਸ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਸਰਕਾਰ ਖਰੀਦ ਦਾ ਸਾਰਾ ਕੰਮ ਖ਼ੁਦ ਕਰ ਸਕਦੀ ਹੈ ਕਿਉਂਕਿ ਖਰੀਦ ਦਾ ਪੈਸਾ ਸਰਕਾਰ ਹੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦਾ ਕਮਿਸ਼ਨ ਵੀ ਸਰਕਾਰ ਉਨ੍ਹਾਂ ਦੇ ਖਾਤੇ ਵਿਚ ਪਾਏਗੀ। ਕੇਂਦਰੀ ਮੰਤਰੀ ਨੇ ਪੰਜਾਬ ਦੀਆਂ ਅਨਾਜ ਸਬੰਧੀ ਦੇਣਦਾਰੀਆਂ ਦੀ ਅਦਾਇਗੀ ਵੀ ਸਮੇਂ ਸਿਰ ਕਰਨ ਦਾ ਭਰੋਸਾ ਦਿਤਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹੁਣ ਕੇਂਦਰ ਦੀ ਨਾਂਹ ਬਾਅਦ ਸਾਡੇ ਕੋਲ ਸਿੱਧੀ ਅਦਾਇਗੀ ਬਿਨਾਂ ਹੋਰ ਕੋਈ ਰਾਹ ਨਹੀਂ ਬਚਿਆ ਤੇ ਇਸ ਦਾ ਕੋਈ ਵਿਚਕਾਰਲਾ ਰਾਹ ਲੱਭਿਅ ਜਾਵੇਗਾ।
ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਹੁਣ ਕੇਂਦਰ ਨੇ ਜਦ ਸਿੱਧੀ ਨਾਂਹ ਕਰ ਦਿਤੀ ਹੈ ਤਾਂ ਸਾਨੂੰ ਕੋਈ ਹੱਲ ਲੱਭਣਾ ਪਵੇਗਾ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨਾਲ ਵਿਚਕਾਰਲਾ ਰਾਹ ਲੱਭਣ ਲਈ ਸ਼ੁਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਦੀ ਮੁੜ ਮੀਟਿੰਗ ਸੱਦੀ ਹੈ।