4 ਮਹੀਨਿਆਂ ਬਾਅਦ ਦਿੱਲੀ ਮੋਰਚੇ ਤੋਂ ਪਰਤੇ ਬਜ਼ੁਰਗ ਕਿਸਾਨ ਨੇ ਸੁਣਾਇਆ ਮੋਰਚੇ ਦਾ ਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਵਾਸੀਆਂ ਨੇ ਕੀਤਾ ਸਵਾਗਤ

Sikandar singh

 ਮਾਨਸਾ( ਪਰਮਦੀਪ ਰਾਣਾ)  ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਲਗਾਤਾਰ ਚੱਲ ਰਿਹਾ ਹੈ। ਜਿੱਥੇ ਕਿਸਾਨ ਵਾਰੀ ਸਿਰ ਪੰਜਾਬ ਤੋਂ ਮੋਰਚੇ ਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਕਿਸਾਨ ਧਰਨੇ ਤੋਂ ਵਾਪਿਸ ਵੀ ਆ ਰਹੇ ਹਨ। ਉੱਥੇ ਹੀ ਮਾਨਸਾ ਦੇ ਪਿੰਡ ਭੈਣੀਬਾਘਾ ਦੇ ਸਿਕੰਦਰ ਸਿੰਘ 26 ਨਵੰਬਰ ਨੂੰ ਦਿੱਲੀ ਧਰਨੇ ਤੇ ਗਏ ਸਨ ਜੋ ਅੱਜ ਆਪਣੇ ਪਿੰਡ ਪਰਤੇ।

ਸਿਕੰਦਰ ਸਿੰਘ ਦੇ ਪਿੰਡ ਆਉਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਿਕੰਦਰ ਸਿੰਘ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਚਾਰ ਮਹੀਨੇ ਲਗਾਤਾਰ ਉੱਥੇ ਰਹਿ ਕੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।

ਗੱਲਬਾਤ ਕਰਦਿਆਂ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਬਜ਼ੁਰਗ ਹੋਣ ਦੇ ਬਾਵਜੂਦ ਵੀ ਦਿੱਲੀ ਮੋਰਚੇ ਤੇ ਚਾਰ ਮਹੀਨਿਆਂ ਤੋਂ ਡਟਿਆ ਰਿਹਾ। ਉਹਨਾਂ ਕਿਹਾ ਕਿ ਹੋਰ ਵੀ ਕਿਸਾਨਾਂ ਨੂੰ ਉਥੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਦਿੱਲੀ ਜਾਣ ਦੀ ਲੋਡ਼ ਹੈ। ਕੇਂਦਰ ਸਰਕਾਰ ਦੀਆਂ ਚਾਲਾਂ ਦਾ ਪਰਦਾਫਾਸ਼ ਕਰਦੇ ਹੋਏ ਸਿਕੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਧਰਨੇ ਉਤੇ ਮੁਫ਼ਤ ਸ਼ਰਾਬ ਵੀ ਵੰਡੀ ਗਈ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹੋਣ ਨਾਲ ਕੇਂਦਰ ਸਰਕਾਰ ਦੀਆਂ ਸਾਰੀਆਂ ਚਾਲਾਂ ਫੇਲ੍ਹ ਹੋ ਗਈਆਂ।

 ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸਿਕੰਦਰ ਸਿੰਘ ਜੋ ਸਾਡੇ ਪਿੰਡ ਦਾ ਵਸਨੀਕ ਹੈ ਚਾਰ ਮਹੀਨਿਆਂ ਤੋਂ ਦਿੱਲੀ ਧਰਨੇ ਵਿਚ ਡਟੇਿਆ ਰਿਹਾ। ਉਹਨਾਂ ਨੂੰ ਵੇਖ ਕੇ  ਨੌਜਵਾਨਾਂ , ਬਜ਼ੁਰਗਾਂ ਭੈਣਾਂ , ਭਰਾਵਾਂ ਦਾ ਹੌਸਲਾ ਹੋਰ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਸਿਕੰਦਰ ਸਿੰਘ ਨੂੰ ਸਨਮਾਨਤ ਕੀਤਾ ਹੈ।