ਵਿਦੇਸ਼ੀਆਂ ਨੂੰ ਬਾਅਦ 'ਚ ਸੱਦਾ ਦਿਓ, ਪਹਿਲਾਂ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਓ - ਨਵਜੋਤ ਸਿੰਘ ਸਿੱਧੂ 

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਨਵਜੋਤ ਸਿੰਘ ਸਿੱਧੂ ਨੇ ਪ੍ਰਗਟਾਈ ਚਿੰਤਾ 

Navjot Singh Sidhu

ਚੰਡੀਗੜ੍ਹ : ਪੰਜਾਬ ਵਿਚ ਹਰ ਦਿਨ ਹੋ ਰਹੇ ਕਤਲ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਮੌਜੂਦਾ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੀਆਂ ਹਨ। ਇਸ ਦੇ ਚਲਦੇ ਹੀ ਨਵਜੋਤ ਸਿੰਘ ਸਿੱਧੂ ਨੇ ਵੀ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਅੱਜ ਧਨੋਲਾ ਵਿੱਖੇ ਹਾਈਵੇਅ 'ਤੇ ਇੱਕ ਲੜਕੀ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਹੈ ਜਿਸ ਬਾਰੇ ਨਵਜੋਤ ਸਿੰਘ ਸਿੱਧੂ ਨੇ ਸਵਾਲ ਚੁੱਕੇ ਹਨ ਕਿ ਇਹ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਘਾਣ ਹੈ।

ਸਿੱਧੂ ਨੇ ਇਸ ਬਾਰੇ ਮੁੱਖ ਮੰਤਰੀ ਮਾਨ ਨੂੰ ਧਿਆਨ ਦੇਣ ਲਈ ਕਿਹਾ ਹੈ। ਸਿੱਧੂ ਨੇ ਕਿਹਾ ਕਿ ਮਾਨ ਸਾਬ੍ਹ ਧਨੌਲਾ ਵਿੱਚ ਅੱਜ ਹਾਈਵੇਅ 'ਤੇ ਇੱਕ ਨੌਜਵਾਨ ਕੁੜੀ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ, ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਹੋਇਆ ਸੀ। ਇਸ ਤੋਂ ਇਲਾਵਾ ਖੇਮਕਰਨ 'ਚ ਇੱਕ ਵਿਅਕਤੀ ਦਾ ਕਤਲ ਹੋਇਆ ਹੈ। ਅਜਿਹੀਆਂ ਘਟਨਾਵਾਂ ਨਾਲ ਲਗਦਾ ਹੈ ਕਿ ਸੂਬੇ ਵਿਚ ਕਿਸੇ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਇਸ ਤਰ੍ਹਾਂ ਹੀ ਰਹੀ ਤਾਂ ਇੱਥੇ ਕੋਈ ਨਹੀਂ ਰਹੇਗਾ।

ਇਸ ਤੋਂ ਇਲਾਵਾ ਅੱਜ ਬਠਿੰਡਾ ਵਿਖੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਸੂਬੇ ਵਿਚ ਅਜਿਹਾ ਮਾਹੌਲ ਸਿਰਜੇਗੀ ਕਿ ਜਿਸ ਨਾਲ ਵਿਦੇਸ਼ਾਂ ਤੋਂ ਲੋਕ ਇਥੇ ਆਉਣਗੇ।

ਇਸ ਸਬੰਧੀ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਵਿਦੇਸ਼ੀਆਂ ਨੂੰ ਬਾਅਦ ਵਿੱਚ ਸੱਦਾ ਦਿਓ, ਪਹਿਲਾਂ ਇੱਥੇ ਵਸਦੇ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਓ।