ਪੀਟੀਸੀ ਮਿਸ ਪੰਜਾਬਣ ਮਾਮਲੇ 'ਚ ਪੀਟੀਸੀ ਦੇ ਐਮ.ਡੀ. ਨੂੰ ਪੁਲਿਸ ਨੇ ਕੀਤਾ ਅਦਾਲਤ 'ਚ ਪੇਸ਼

ਏਜੰਸੀ

ਖ਼ਬਰਾਂ, ਪੰਜਾਬ

ਪੀਟੀਸੀ ਮਿਸ ਪੰਜਾਬਣ ਮਾਮਲੇ 'ਚ ਪੀਟੀਸੀ ਦੇ ਐਮ.ਡੀ. ਨੂੰ ਪੁਲਿਸ ਨੇ ਕੀਤਾ ਅਦਾਲਤ 'ਚ ਪੇਸ਼

image

 

ਐਸ.ਏ.ਐਸ. ਨਗਰ, 8 ਅਪ੍ਰੈਲ (ਸੁਖਦੀਪ ਸਿੰਘ ਸੋਈ) : ਬੀਤੇ ਦਿਨੀਂ ਪੰਜਾਬ ਪੁਲਿਸ ਨੇ ਮਿਸ ਪੰਜਾਬਣ ਮਾਮਲੇ 'ਚ ਪੀਟੀਸੀ ਦੇ ਐਮ.ਡੀ. ਨੂੰ   ਗਿ੍ਫ਼ਤਾਰ ਕੀਤਾ ਸੀ ਕਿਉਂਕਿ ਇਕ ਲੜਕੀ ਵਲੋਂ ਉਨ੍ਹਾਂ ਵਿਰੁਧ ਐਫ਼.ਆਈ.ਆਰ ਦਰਜ ਕਰਵਾਈ ਗਈ ਸੀ | ਲੜਕੀ ਦਾ ਦੋਸ਼ ਸੀ ਕਿ ਉਸ ਨੂੰ  ਇਕ ਹੋਟਲ ਵਿਚ ਰੱਖਿਆ ਗਿਆ ਸੀ ਅਤੇ ਉਸ ਨਾਲ ਪੀਟੀਸੀ ਦੇ ਸਟਾਫ਼ ਨੇ  ਦੁਰਵਿਹਾਰ ਕੀਤਾ ਸੀ | ਸੂਤਰਾਂ ਦੇ ਹਵਾਲੇ ਤੋਂ ਲੜਕੀ ਦਾ ਇਹ ਵੀ ਦੋਸ਼ ਸੀ ਕਿ ਮਿਸ ਪੰਜਾਬਣ ਦੇ ਨਾਂ ਤੇ ਭੋਲੀਆਂ ਭਾਲੀਆਂ ਲੜਕੀਆਂ ਨੂੰ  ਹੋਟਲ ਵਿਚ ਬੁਲਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ  ਅੱਗੇ ਵੱਡੇ ਵਿਅਕਤੀਆਂ ਅੱਗੇ ਪੇਸ਼ ਕੀਤਾ ਜਾਂਦਾ | ਹੁਣ ਦੇਖਣਾ ਇਹ ਹੈ ਕਿ ਇਸ ਰੈਕੇਟ ਵਿਚ ਕੌਣ ਉੱਚ ਅਧਿਕਾਰੀ ਅਤੇ ਕੌਣ ਵੱਡੇ ਵਿਅਕਤੀ ਹਨ | ਮਾਮਲੇ ਦੀ ਗੰਭੀਰਤਾ ਨੂੰ  ਦੇਖਦੇ ਹੋਏ ਡੀਐਸਪੀ ਅਤੇ ਐਸਐਚਓ ਸਮੇਤ ਹੋਰ ਉੱਚ ਅਧਿਕਾਰੀਆਂ ਦੀ ਇਕ ਸਿੱਟ ਬਣਾ ਦਿਤੀ ਗਈ | ਜ਼ਿਕਰਯੋਗ ਹੈ ਕਿ 15-03-2022 ਨੂੰ  ਇਕ ਪਟੀਸ਼ਨਰ ਵਲੋਂ ਹਾਈਕੋਰਟ ਵਿਚ ਰਿੱਟ ਪਾਈ ਗਈ ਸੀ ਕਿ ਉਸਦੀ ਲੜਕੀ ਨੂੰ  ਮਿਸ ਪੰਜਾਬਣ ਲਈ ਕਿਸੇ ਗ਼ੈਰ ਕਾਨੂੰਨੀ ਕੰਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ |
ਪਟੀਸ਼ਨਰ ਨੇ ਇਹ ਵੀ ਦੋਸ਼ ਲਾਇਆ ਕਿ ਉਸਦੀ ਲੜਕੀ ਦੀ ਰਿਹਾਈ ਲਈ ਪੰਜਾਹ ਲੱਖ ਰੁਪਏ ਮੰਗੇ ਜਾ ਰਹੇ ਹਨ | ਉਕਤ ਪਟੀਸ਼ਨ 'ਤੇ ਅਦਾਲਤ ਨੇ ਕਾਰਵਾਈ ਕਰਦਿਆਂ ਵਰੰਟ ਅਫ਼ਸਰ ਨਿਯੁਕਤ ਕੀਤਾ ਅਤੇ ਉਸ ਦੀ ਰਿਹਾਈ ਕਰਵਾਈ ਉਪਰੰਤ ਅਦਾਲਤ ਨੂੰ  ਆਪਣੀ ਰਿਪੋਰਟ ਸੌਂਪ ਦਿਤੀ | ਮਾਮਲੇ ਦੀ ਗੰਭੀਰਤਾ ਨੂੰ  ਦੇਖਦੇ ਹੋਏ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੀਐਸਪੀ ਹੈਡਕੁਆਰਟਰ ਐਸਐਚਓ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ |

ਜਾਂਚ ਦੌਰਾਨ ਪੀੜਤ ਦੇ  164 ਸੀਆਰਪੀਸੀ ਦੇ ਬਿਆਨ ਕਲਮਬੰਦ ਕੀਤੇ ਗਏ ਜਿਸ ਦੌਰਾਨ ਸਾਰੇ ਦੋਸ਼ੀਆਂ ਨੂੰ  ਫੜਨ ਲਈ ਛਾਪੇਮਾਰੀ ਜਾਰੀ ਹੈ | ਅੱਜ ਪੀਟੀਸੀ ਦੇ ਐਮ.ਡੀ. ਰਬਿੰਦਰ ਨਾਰਾਇਣ ਨੂੰ  ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਦੇ ਚਲਦਿਆਂ ਬਚਾਅ ਪੱਖ ਦੇ ਵਕੀਲ ਅਤੇ ਦੂਸਰੀ ਧਿਰ ਦੇ ਵਕੀਲਾਂ ਵਲੋਂ ਬਹਿਸ ਕੀਤੀ ਗਈ | ਬਹਿਸ ਉਪਰੰਤ ਅਦਾਲਤ ਨੇ ਕਾਰਵਾਈ  ਕਰਦਿਆਂ ਪੀਟੀਸੀ ਦੇ ਐਮ.ਡੀ. ਰਬਿੰਦਰ ਨਾਰਾਇਣ ਨੂੰ  ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ |