ਚੰਡੀਗੜ੍ਹ: ਉੱਤਰੀ ਭਾਰਤ ਦਾ ਪੰਜਾਬ ਸੂਬਾ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 40 ਜਾਂ ਇਸ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਜਿਵੇਂ ਹੀ ਹੀਟਵੇਵ ਸ਼ੁਰੂ ਹੋਈ 12 ਸਾਲਾਂ ਵਿੱਚ ਪਹਿਲੀ ਵਾਰ ਅਪ੍ਰੈਲ ਦੇ ਸ਼ੁਰੂ ਵਿੱਚ ਪਾਰਾ 43 ਡਿਗਰੀ ਨੂੰ ਪਾਰ ਕਰ ਗਿਆ। ਇਸ ਨਾਲ ਪੰਜਾਬ ਵਿੱਚ ਮੁਕਤਸਰ ਸਭ ਤੋਂ ਗਰਮ ਰਿਹਾ। ਉੱਤਰੀ ਭਾਰਤ ਵਿਚ ਪੈ ਰਹੀ ਗਰਮੀ ਨੇ 12 ਸਾਲ ਦਾ ਗਰਮੀ ਦਾ ਰਿਕਾਰਡ ਤੋੜ ਦਿੱਤਾ।
ਲੋਕ ਬੇਵੱਸ ਤੇ ਬੇਚੈਨ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਅੱਜ ਤੋਂ ਤੇਜ਼ ਗਰਮੀ ਦੀ ਲਹਿਰ ਚੱਲੇਗੀ। ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ, ਚੰਡੀਗੜ੍ਹ ਦੇ ਅਨੁਸਾਰ, ਅੱਜ ਭਿਆਨਕ ਗਰਮੀ ਹੋਵੇਗੀ। ਤਾਪਮਾਨ ਵਿੱਚ ਵੀ ਭਾਰੀ ਵਾਧਾ ਹੋਵੇਗਾ। ਲੁਧਿਆਣਾ ਵਿੱਚ ਅੱਜ ਦੁਪਹਿਰ ਤੱਕ ਪਾਰਾ 42 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ।
ਅਜਿਹਾ ਉੱਚ ਤਾਪਮਾਨ ਮਨੁੱਖਾਂ ਦੇ ਨਾਲ-ਨਾਲ ਫ਼ਸਲਾਂ ਲਈ ਵੀ ਘਾਤਕ ਹੈ। ਸਿਹਤ ਮਾਹਿਰਾਂ ਅਨੁਸਾਰ ਗੰਭੀਰ ਲਹਿਰ ਖ਼ਤਰਨਾਕ ਹੈ। ਇਸ ਸਮੇਂ ਦੌਰਾਨ, ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿਣ ਨਾਲ ਬੇਹੋਸ਼ੀ, ਚੱਕਰ ਆਉਣੇ, ਘਬਰਾਹਟ ਹੋ ਸਕਦੀ ਹੈ। ਲੋਕਾਂ ਨੂੰ ਬਹੁਤ ਜ਼ਿਆਦਾ ਗਰਮੀ ਦੀ ਸਥਿਤੀ ਵਿੱਚ ਕਿਸੇ ਵੀ ਸਮੇਂ ਧੁੱਪ ਵਿੱਚ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ।
ਇਸ ਸੀਜ਼ਨ ਵਿੱਚ ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਇਸ ਦੌਰਾਨ ਪੰਜਾਬ ਵਿੱਚ ਮੁਕਤਸਰ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 8 ਡਿਗਰੀ ਵੱਧ ਸੀ। ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ ਆਮ ਨਾਲੋਂ 7 ਤੋਂ 9 ਡਿਗਰੀ ਵੱਧ ਹੈ। ਆਉਣ ਵਾਲੇ ਸਮੇਂ 'ਚ ਵੀ ਗਰਮੀ 40 ਡਿਗਰੀ ਸੈਲਸੀਅਸ ਤੋਂ ਵੱਧ ਰਹਿਣ ਵਾਲੀ ਹੈ। 2010 ਤੋਂ ਬਾਅਦ ਹੁਣ ਸੂਬੇ ਵਿੱਚ ਅਜਿਹੇ ਦਿਨ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਪਹਿਲਾਂ 2010 ਵਿੱਚ ਅਪ੍ਰੈਲ ਦਾ ਮਹੀਨਾ ਇੰਨਾ ਗਰਮ ਸੀ।