ਯੂਕਰੇਨ ’ਚ ਰੂਸ ਨੇ ਮਚਾਈ ਭਾਰੀ ਤਬਾਹੀ, ਜ਼ੇਲੇਂਸਕੀ ਨੇ ਮੰਗੀ ਮਦਦ

ਏਜੰਸੀ

ਖ਼ਬਰਾਂ, ਪੰਜਾਬ

ਯੂਕਰੇਨ ’ਚ ਰੂਸ ਨੇ ਮਚਾਈ ਭਾਰੀ ਤਬਾਹੀ, ਜ਼ੇਲੇਂਸਕੀ ਨੇ ਮੰਗੀ ਮਦਦ

image

ਚੇਰਨੀਹੀਵ, 8 ਅਪ੍ਰੈਲ : ਯੂਕਰੇਨ ਦੇ ਉੱਤਰੀ ਸ਼ਹਿਰ ਤੋਂ ਪਿੱਛੇ ਹਟਦੇ ਹੋਏ ਰੂਸੀ ਸੈਨਿਕ ਬਰਬਾਦੀ ਦੇ ਮੰਜ਼ਰ ਛੱਡ ਗਏ। ਰੂਸੀ ਸੈਨਿਕਾਂ ਨੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ, ਨੁਕਸਾਨੀਆਂ ਗਈਆਂ ਕਾਰਾਂ ਸੜਕਾਂ ’ਤੇ ਫੈਲੀਆਂ ਹੋਈਆਂ ਸਨ ਅਤੇ ਨਾਗਰਿਕ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਕਮੀ ਨਾਲ ਜੂਝ ਰਹੇ ਸਨ। ਵੀਰਵਾਰ ਨੂੰ ਸਾਹਮਣੇ ਆਈਆਂ ਤਸਵੀਰਾਂ ਨੇ ਰੂਸ ਦੇ ਅਗਲੇ ਹਮਲੇ ਨੂੰ ਰੋਕਣ ਲਈ ਯੂਕਰੇਨ ਦੀ ਮਦਦ ਦੀ ਮੰਗ ਨੂੰ ਹੋਰ ਵਧਾ ਦਿਤਾ। ਚੇਰਨੀਹਿਵ ਵਿਚ ਇਕ ਸਹਾਇਤਾ-ਵੰਡ ਕੇਂਦਰ ਵਜੋਂ ਸੇਵਾ ਕਰਨ ਵਾਲੇ ਇਕ ਨੁਕਸਾਨੇ ਗਏ ਸਕੂਲ ਦੇ ਬਾਹਰ ਖੜ੍ਹੀ ਇਕ ਵੈਨ ਵਿਚੋਂ ਦਰਜਨਾਂ ਲੋਕ ਰੋਟੀ, ਡਾਇਪਰ ਅਤੇ ਦਵਾਈ ਲੈਣ ਲਈ ਕਤਾਰ ਵਿਚ ਖੜ੍ਹੇ ਸਨ, ਜਿਥੇ ਰੂਸੀ ਫ਼ੌਜਾਂ ਪਿੱਛੇ ਹਟਣ ਤੋਂ ਪਹਿਲਾਂ ਹਫ਼ਤਿਆਂ ਤਕ ਘੇਰਾਬੰਦੀ ਵਿਚ ਸਨ। ਸ਼ਹਿਰ ਦੀਆਂ ਗਲੀਆਂ ਨੁਕਸਾਨੀਆਂ ਗਈਆਂ ਇਮਾਰਤਾਂ ਨਾਲ ਭਰੀਆਂ ਮਿਲੀਆਂ ਹਨ ਜਿਨ੍ਹਾਂ ਦੀਆਂ ਛੱਤਾਂ ਜਾਂ ਕੰਧਾਂ ਗ਼ਾਇਬ ਹਨ। ਇਕ ਕਲਾਸਰੂਮ ਵਿਚ ਬਲੈਕਬੋਰਡ ’ਤੇ ਅਜੇ ਵੀ ਸੰਦੇਸ਼ ਲਿਖਿਆ ਹੈ: “ਬੁਧਵਾਰ 23 ਫ਼ਰਵਰੀ - ਕਲਾਸ ਦਾ ਕੰਮ।’’ ਇਸ ਦੇ ਅਗਲੇ ਹੀ ਦਿਨ ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਸੀ। 
ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਵੀਰਵਾਰ ਨੂੰ ਚੇਤਾਵਨੀ ਦਿਤੀ ਕਿ ਰੂਸੀ ਫ਼ੌਜਾਂ ਦੇ ਹਾਲ ਹੀ ਵਿਚ ਵਾਪਸੀ ਦੇ ਬਾਵਜੂਦ ਦੇਸ਼ ਕਮਜ਼ੋਰ ਬਣਿਆ ਹੋਇਆ ਹੈ ਅਤੇ ਆਗਾਮੀ ਹਮਲੇ ਦਾ ਮੁਕਾਬਲਾ ਕਰਨ ਲਈ ਨਾਟੋ ਤੋਂ ਹਥਿਆਰਾਂ ਦੀ ਮੰਗ ਕੀਤੀ ਹੈ। ਗੱਠਜੋੜ ਦੇਸ਼ਾਂ ਨੇ ਉਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਹਥਿਆਰਾਂ ਦੀ ਸਪਲਾਈ ਵਧਾਉਣ ਲਈ ਸਹਿਮਤੀ ਪ੍ਰਗਟਾਈ ਕਿ ਰੂਸੀ ਫ਼ੌਜਾਂ ਨੇ ਰਾਜਧਾਨੀ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਅਤਿਆਚਾਰ ਕੀਤੇ ਹਨ। ਪਛਮੀ ਸਹਿਯੋਗੀਆਂ ਨੇ ਰੂਸ ’ਤੇ ਆਰਥਕ ਜੁਰਮਾਨੇ ਵੀ ਵਧਾ ਦਿਤੇ ਹਨ, ਜਿਸ ਵਿਚ ਰੂਸੀ ਕੋਲੇ ਦੀ ਦਰਾਮਦ ’ਤੇ ਯੂਰਪੀਅਨ ਯੂਨੀਅਨ ਦੁਆਰਾ ਪਾਬੰਦੀਆਂ ਅਤੇ ਰੂਸ ਨਾਲ ਆਮ ਵਪਾਰਕ ਸਬੰਧਾਂ ਨੂੰ ਮੁਅੱਤਲ ਕਰਨ ਲਈ ਅਮਰੀਕਾ ਦੇ ਕਦਮ ਸ਼ਾਮਲ ਹਨ। 
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਪਣੇ ਰਾਤ ਦੇ ਸੰਬੋਧਨ ਵਿਚ ਕਿਹਾ ਕਿ ਬੁੱਚਾ ਦੀ ਦਹਿਸ਼ਤ ਸ਼ੁਰੂਆਤ ਹੀ ਹੋ ਸਕਦੀ ਹੈ। ਬੁਚਾ ਤੋਂ ਸਿਰਫ਼ 30 ਕਿਲੋਮੀਟਰ ਉੱਤਰ-ਪਛਮ ਵਿਚ, ਉੱਤਰੀ ਸ਼ਹਿਰ ਬੋਰੋਡੀਅਨਕਾ ਵਿਚ ਜ਼ੇਲੇਂਸਕੀ ਨੇ ਹੋਰ ਜਾਨੀ ਨੁਕਸਾਨ ਦਾ ਡਰ ਜਤਾਇਆ ਅਤੇ ਕਿਹਾ ਕਿ “ਉੱਥੇ ਦਾ ਦਿ੍ਰਸ਼ ਬਹੁਤ ਡਰਾਉਣਾ ਹੈ।’’ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਸ ਹਫ਼ਤੇ ਯੂਕਰੇਨ ਅਤੇ ਰੂਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਜੰਗਬੰਦੀ ਬਾਰੇ “ਆਸ਼ਾਵਾਦੀ ਨਹੀਂ’’ ਸਨ। ਉਸ ਨੇ ਦੋਵਾਂ ਪਾਸਿਆਂ ਵਿਚ ਇਕ ਦੂਜੇ ਵਿਚ ਵਿਸ਼ਵਾਸ ਦੀ ਕਮੀ ਨੂੰ ਰੇਖਾਂਕਿਤ ਕੀਤਾ।     (ਏਜੰਸੀ)