ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਨਿਜੀ ਚੈਨਲ ਨਾਲ ਐਸਜੀਪੀਸੀ ਤੋੜ ਸਕਦੀ ਹੈ ਕਰਾਰ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਨਿਜੀ ਚੈਨਲ ਨਾਲ ਐਸਜੀਪੀਸੀ ਤੋੜ ਸਕਦੀ ਹੈ ਕਰਾਰ

image

 

ਨੰਗਲ, 8 ਅਪ੍ਰੈਲ (ਕੁਲਵਿੰਦਰ ਭਾਟੀਆ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੀਟੀਸੀ ਚੈਨਲ ਤੋਂ ਗੁਰਬਾਣੀ ਦੇ ਅਧਿਕਾਰ ਵਾਪਸ ਲਏ ਜਾ ਸਕਦੇ ਹਨ, ਅਜਿਹੀ ਚਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰਿਆਂ ਵਿਚ ਚਲ ਰਹੀ ਹੈ ਅਤੇ ਸੂਤਰ ਦਸਦੇ ਹਨ ਕਿ ਇਸ ਤੋਂ ਪਹਿਲਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇਕ ਅਹਿਮ ਮੀਟਿੰਗ ਵੀ ਹੋਈ ਹੈ ਅਤੇ ਇਸ ਤੋਂ ਬਾਅਦ ਸਿੰਘ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਈ.ਟੀ. ਸੈੱਲ ਯੂ ਟਿਊਬ ਚੈਨਲ 'ਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਪ੍ਰਬੰਧ ਕਰੇ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ  ਵੀ ਕਿਹਾ ਗਿਆ ਹੈ ਕਿ ਉਹ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਇਕ ਚੈਨਲ ਚਲਾਉਣ ਦੀ ਆਗਿਆ ਵੀ ਲੈ ਕੇ ਦੇਵੇ |
ਦਸਣਾ ਬਣਦਾ ਹੈ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਗੁਰਬਾਣੀ ਪ੍ਰਸਾਰਨ ਤੇ ਇਕ ਚੈਨਲ ਦਾ ਗਲਬਾ ਖ਼ਤਮ ਕਰਨ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੇ ਤੌਰ 'ਤੇ ਕੋਈ ਪ੍ਰਬੰਧ ਕਰੇ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ | ਪਰ ਅਪਣੇ ਆਪ ਨੂੰ  ਸਰਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ਦਾ ਹਾਮੀ ਦੱਸਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਭਗਵੰਤ ਮਾਨ ਨੂੰ  ਇਹ ਕਹਿ ਕੇ ਰੋਕ ਦਿਤਾ ਸੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਕੰਮਾਂ ਵਿਚ ਦਖ਼ਲ ਨਾ ਦੇਵੇ ਪਰ ਐਨ ਮੌਕੇ 'ਤੇ ਹਮੇਸ਼ਾ ਤੋਂ ਪੰਥ ਦੀ ਪਹਿਰੇਦਾਰੀ ਕਰਨ ਵਾਲੇ ਸਪੋਕਸਮੈਨ ਵਲੋਂ ਇਸ ਨੂੰ  ਮੁੱਦਾ ਬਣਾ ਕੇ ਉਭਾਰਿਆ ਗਿਆ ਅਤੇ ਸਪੋਕਸਮੈਨ ਟੀਵੀ ਤੇ ਬੀਬੀ ਨਿਮਰਤ ਕੌਰ ਵਲੋਂ ਇਹ ਮੁੱਦਾ ਬਹੁਤ ਹੀ ਪ੍ਰਮੁੱਖਤਾ ਅਤੇ ਸੂਝਵਾਨਤਾ ਨਾਲ ਚੁਕਿਆ ਗਿਆ ਜਿਸ ਨੂੰ  ਦੇਸ਼ ਵਿਦੇਸ਼ ਵਿਚ ਬੈਠੇ ਸਿੱਖਾਂ ਵਲੋਂ ਨਾ ਸਿਰਫ਼ ਸਲਾਹਿਆ ਗਿਆ ਸਗੋਂ ਇਸ ਪੋਸਟ ਨੂੰ  20 ਘੰਟੇ ਵਿਚ 235 ਹਜ਼ਾਰ ਲੋਕਾਂ ਵਲੋਂ ਵੇਖਿਆ ਗਿਆ ਅਤੇ 4300 ਤੋਂ ਵੱਧ ਸ਼ੇਅਰ ਵੀ ਹੋਏ | ਉਨ੍ਹਾਂ ਵਲੋਂ ਧਾਮੀ ਦੇ ਦੱਸੇ 200 ਕਰੋੜ ਦੇ ਖਰਚੇ ਤੇ ਦਲੀਲ ਨਾਲ ਦਸਿਆ ਵੀ ਗਿਆ ਕਿ ਚੈਨਲਾਂ ਤੇ ਇੰਨਾ ਪੈਸਾ ਨਹੀਂ ਲਗਦਾ |
ਸੂਤਰ ਦਸਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮੀਟਿੰਗ ਤੋਂ ਬਾਅਦ ਇਕ ਵਿਸ਼ੇਸ਼ ਟੀਮ ਚੈਨਲ ਨਾਲ ਕੀਤੇ ਗਏ ਸਮਝੌਤੇ ਦੀਆਂ ਸ਼ਰਤਾਂ ਨੂੰ  ਖੰਗਾਲ ਰਹੀ ਹੈ ਅਤੇ ਹੋ ਸਕਦਾ ਹੈ ਕਿ ਇਹ ਕਰਾਰ ਛੇਤੀ ਹੀ ਟੁੱਟ ਵੀ ਜਾਵੇ |
ਇਹ ਵੀ ਦਸਣਾ ਬਣਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਵਾਲੇ ਚੈਨਲ ਦੇ ਚਰਿੱਤਰ 'ਤੇ ਇਲਜ਼ਾਮ ਲਗਾਉਂਦਿਆਂ ਇਕ ਮੁਕੱਦਮਾ ਮੁਹਾਲੀ ਵਿਚ ਦਰਜ ਹੋਇਆ ਸੀ ਜਿਸ ਤੋਂ ਬਾਅਦ ਇਸ ਦੇ ਮੁਖੀ ਨੂੰ  ਪੁਲਿਸ ਵਲੋਂ ਗਿ੍ਫ਼ਤਾਰ ਵੀ ਕਰ ਲਿਆ ਗਿਆ ਅਤੇ ਇਸ ਤੋਂ ਬਾਅਦ ਦੇਸ਼ ਵਿਦੇਸ਼ ਵਿਚੋਂ ਸੰਗਤਾਂ ਵਲੋਂ ਇਹ ਕਰਾਰ ਖ਼ਤਮ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਅਪੀਲ ਵੀ ਕੀਤੀ ਗਈ ਸੀ |