ਨਸੀਰਾ ਖਲਚੀਆਂ 'ਚ ਕਣਕ ਨੂੰ ਲੱਗੀ ਅੱਗ , ਪੁੱਤਾਂ ਵਾਂਗ ਪਾਲੀ ਫ਼ਸਲ ਸੜ ਕੇ ਹੋਈ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਅੱਗ 'ਤੇ ਪਾਇਆ ਕਾਬੂ

photo

 

ਫਿਰੋਜ਼ਪੁਰ- ਖੇਤਾਂ ਵਿਚ ਸੋਨੇ ਰੰਗੀ ਖੜ੍ਹੀ ਫ਼ਸਲ ਨੂੰ ਵੱਢਣ ਲਈ ਜਿਥੇ ਉਤਾਵਲੇ ਹੋ ਰਹੇ ਕਿਸਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜ੍ਹੇ ਦਿਖਾਈ ਦੇ ਰਹੇ ਹਨ। ਉਥੇ ਫਿਰੋਜ਼ਪੁਰ ਦੇ ਪਿੰਡ ਨਸੀਰਾ ਖਿਲਚੀਆਂ ਵਿਚ ਉਸ ਵੇਲੇ ਮਾਹੌਲ ਗਮਗੀਨ ਵਾਲਾ ਬਣ ਗਿਆ ਜਦੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ।

 

ਜਾਣਕਾਰੀ ਅਨੁਸਾਰ ਗੁਰਮੇਜ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਨਸੀਰਾ ਖਚਲੀਆਂ ਨੇ ਪੰਚਾਇਤੀ ਜ਼ਮੀਨ ਠੇਕੇ 'ਤੇ ਲਈ ਸੀ। ਜਦੋਂ ਉਹ ਕਣਕ ਦੀ ਕੰਬਾਇਨ ਨਾਲ ਕਣਕ ਦੀ ਕਟਾਈ ਕਰ ਰਹੇ ਸਨ ਤਾਂ ਅਚਾਨਕ ਮਸ਼ੀਨ ਵੱਲੋਂ ਅੱਗ ਦੀ ਚਿੰਗਆੜੀ ਡਿੱਗੀ ਜਿਸ ਨਾਲ ਕਣਕ ਨੂੰ ਅੱਗ ਲੱਗ ਗਈ।

 

ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਅੱਗ 'ਤੇ ਕਾਬੂ ਪਾਉਣ ਲਈ ਕਾਫ਼ੀ ਮਿਹਨਤ ਕੀਤੀ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। 20 ਮਿੰਟਾਂ ਵਿਚ ਫਾਇਰ ਬਿਗ੍ਰੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਅੱਗ 'ਤੇ ਕਾਬੂ ਪਾਉਣ ਦੌਰਾਨ ਹੀ ਕਰੀਬ ਤਿੰਨ ਏਕੜ ਕਣਕ ਸੜ ਕੇ ਸੁਆਹ ਹੋ ਗਈ।

ਨੰਬਰਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ। ਪਿੰਡਾਂ ਦੇ ਲੋਕਾਂ ਅਤੇ ਲਖਵਿੰਦਰ ਸਿੰਘ ਨੰਬਰਦਾਰ ਨਸੀਰਾ ਖਲਚੀਆਂ, ਵਿਰਸ ਸਿੰਘ ਸਰਪੰਚ ਚੂਹੜ ਖਲਚੀਆਂ ਅਤੇ ਮਹਾ ਪੰਚਾਇਤ ਦੇ ਸਮੂਹ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿਸਾਨ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਹੋਰ ਕਿਸਾਨਾਂ ਨੂੰ ਕਿਹਾ ਕਿ ਕਣਕ ਵੰਡਣ ਸਮੇਂ ਸਵਾਧਾਨੀਆਂ ਵਰਤੀਆਂ ਜਾਣ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। 

 ਮਾਨਸਾ ਵਿਚ 15 ਕਿਲੇ ਸੜ ਕੇ ਹੋਏ ਸੁਆਹ
ਇਸ ਦੇ ਨਾਲ ਹੀ ਮਾਨਸਾ ਵਿਚ ਵੀ ਪੱਕੀ ਹੋਈ ਕਣਕ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਮਾਨਸਾ ਵਿਚ 15 ਕਿਲੇ ਅੱਗ ਦੀ ਚਪੇਟ ਵਿਚ ਆ ਗਏ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਮਿੰਟਾਂ ਵਿਚ ਸੜ ਕੇ ਸੁਆਹ ਹੋ ਗਈ।

 

 

ਹਲਾਂਕਿ ਇਹ ਅੱਗ ਕਿਵੇਂ ਲੱਗੀ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਪਰ ਅੱਖਾਂ ਸਾਹਮਣੇ ਪਾਲੀ ਫਸਲ ਸੜ ਕੇ ਸੁਆਹ ਹੁੰਦੀ ਵੇਖ ਕੇ ਕਿਸਾਨਾਂ ਦਾ ਦਿਲ ਝੰਜੋੜਿਆ ਗਿਆ। ਆਸ ਪਾਸ ਦੇ ਲੋਕਾਂ ਵਲੋਂ ਅੱਗ ਤੇ ਕਾਬੂ ਪਾਇਆ ਗਿਆ। ਕਣਕ ਨੂੰ ਅੱਗ ਲੱਗਣ ਦੀ ਖ਼ਬਰ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈ ਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗ ਪਈਆਂ। ਨਾਰਾਸ਼ ਹੋਏ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।