ਪਿੰਡ ਦੀਆਂ ਦੋਵੇਂ ਪੰਚਾਇਤਾਂ ਨੇ ਪਾਇਆ ਮਤਾ : ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਲੋਕਾਂ ਨੂੰ ਮਤਾ ਪੜ੍ਹ ਕੇ ਸੁਣਾਇਆਂ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਹੱਥ ਖੜ੍ਹੇ ਕਰ ਕੇ ਸਹਿਮਤੀ ਲਈ ਗਈ।
ਸੰਗਰੂਰ : ਬੀਤੇ ਦਿਨੀਂ ਸੰਗਰੂਰ ਦੇ ਪਿੰਡ ਨਮੋਲ ਵਿੱਚ ਸ਼ਰਾਬ ਪੀਣ ਕਾਰਨ 3 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਨਸ਼ਿਆਂ ਤੋਂ ਦੁਖੀ ਪੂਰਾ ਪਿੰਡ ਅੱਜ ਇੱਕ ਮੰਚ 'ਤੇ ਇਕੱਠਾ ਹੋ ਕੇ ਹਰ ਤਰ੍ਹਾਂ ਦੇ ਨਸ਼ਿਆਂ ਵਿਰੁੱਧ ਡਟ ਗਿਆ।
ਪਿੰਡ ਦੀਆਂ ਦੋਵੇਂ ਪੰਚਾਇਤਾਂ ਅਤੇ ਸਮੂਹ ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਮਤਾ ਪਾਇਆ ਹੈ।
ਹੁਣ ਪਿੰਡ ਦਾ ਕੋਈ ਵੀ ਵਿਅਕਤੀ ਜੋ ਸਮੈਕ, ਚਿੱਟਾ ਅਤੇ ਕਿਸੇ ਵੀ ਕਿਸਮ ਦਾ ਮੈਡੀਕਲ ਜਾਂ ਸਿੰਥੈਟਿਕ ਨਸ਼ਾ ਵੇਚਦਾ ਪਾਇਆ ਗਿਆ, ਉਸ ਵਿਰੁੱਧ ਸਮੁੱਚੇ ਪਿੰਡ ਵੱਲੋਂ ਸਮੂਹਿਕ ਤੌਰ 'ਤੇ ਸਖ਼ਤ ਪੁਲਿਸ ਕਾਰਵਾਈ ਕੀਤੀ ਜਾਵੇਗੀ। ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਕਿਸੇ ਵੀ ਨਸ਼ਾ ਤਸਕਰ ਦੀ ਥਾਣੇ ਵਿੱਚ ਜ਼ਮਾਨਤ ਕਰਵਾਉਂਦਾ ਹੈ ਤਾਂ ਪੂਰੇ ਪਿੰਡ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ।
ਲੋਕਾਂ ਨੂੰ ਮਤਾ ਪੜ੍ਹ ਕੇ ਸੁਣਾਇਆਂ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਹੱਥ ਖੜ੍ਹੇ ਕਰ ਕੇ ਸਹਿਮਤੀ ਲਈ ਗਈ।
ਜੇਕਰ ਕੋਈ ਵਿਅਕਤੀ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਸਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਛੋਟੇ ਗਰੁੱਪ ਬਣਾ ਕੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾਵੇ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।