ਡਿਊਟੀ 'ਚ ਕੁਤਾਹੀ ਕਰਨ ਵਾਲੇ ਪੁਲਿਸ ਅਧਿਕਾਰੀ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

DSP ਨੇ ਲਿਆ ਐਕਸ਼ਨ, ਨਵੀਆਂ ਹਦਾਇਤਾਂ ਕੀਤੀਆਂ ਜਾਰੀ!

Representational Image

ਫਾਜ਼ਿਲਕਾ: ਸੁਰੱਖਿਆ ਦੇ ਮੱਦੇਨਜ਼ਰ ਅਤੇ ਮੌਜੂਦਾ ਮਾਹੌਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫਾਜ਼ਿਲਕਾ ਪੁਲਿਸ ਦੇ ਅਧਿਕਾਰੀਆਂ ਨੇ ਡਿਊਟੀ 'ਚ ਢਿੱਲ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ।

ਜ਼ਿਲ੍ਹਾ ਫ਼ਾਜ਼ਿਲਕਾ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨੇੜੇ ਪੈਂਦਾ ਹੈ, ਜਿਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਅੱਜ-ਕੱਲ੍ਹ ਜ਼ਿਲ੍ਹਾ ਫ਼ਾਜ਼ਿਲਕਾ ਦੀ ਪੁਲਿਸ ਬਹੁਤ ਚੌਕਸ ਹੈ। ਜ਼ਿਲ੍ਹੇ ਭਰ ਵਿੱਚ 24 ਘੰਟੇ ਨਾਕਾਬੰਦੀ ਕੀਤੀ ਹੋਈ ਹੈ ਪਰ ਜਲਾਲਾਬਾਦ ਦੇ ਮਾਮੂ ਜੋਆ ਟੋਲ ਪਲਾਜ਼ਾ 'ਤੇ ਨਾਕਾਬੰਦੀ ਕੀਤੀ ਹੋਈ ਹੈ। 

ਸ਼ਹੀਦ ਊਧਮ ਸਿੰਘ ਚੌਕ ਵਿਖੇ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਪੁਲਿਸ ਦੇ ਉੱਚ ਅਧਿਕਾਰੀਆਂ ਨੇ 9 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲਾਲਾਬਾਦ ਦੇ ਡੀ.ਐਸ.ਪੀ ਅਤੁਲ ਸੋਨੀ ਨੇ ਦੱਸਿਆ ਕਿ ਮੌਜੂਦਾ ਹਾਲਤ ਅਤੇ ਡਿਊਟੀ ਵਿੱਚ ਕੁਤਾਹੀ ਦੇ ਮੱਦੇਨਜ਼ਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ 7 ਮੁਲਾਜ਼ਮਾਂ ਨੂੰ ਮਾਮੂ ਜੋਆ ਟੋਲ ਪਲਾਜ਼ਾ ਤੋਂ ਅਤੇ ਦੋ ਵਿਅਕਤੀਆਂ ਨੂੰ ਸ਼ਹੀਦ ਊਧਮ ਸਿੰਘ ਚੌਕ ਤੋਂ ਮੁਅੱਤਲ ਕੀਤਾ ਗਿਆ ਹੈ।

ਡੀ.ਐਸ.ਪੀ ਅਤੁਲ ਸੋਨੀ ਨੇ ਦੱਸਿਆ ਕਿ ਮੌਜੂਦਾ ਮਾਹੌਲ ਨੂੰ ਦੇਖਦੇ ਹੋਏ ਪੁਲਿਸ ਦੀ ਡਿਊਟੀ 24 ਘੰਟੇ ਲਈ ਹੈ, ਪੁਲਿਸ ਮੁਲਾਜ਼ਮਾਂ ਦੀ ਡਿਊਟੀ 8-8 ਘੰਟੇ ਲਈ ਲਗਾਈ ਗਈ ਹੈ ਤਾਂ ਜੋ ਪੁਲਿਸ ਮੁਲਾਜ਼ਮ ਆਪਸ ਵਿਚ ਅਡਜਸਟ ਕਰ ਸਕਣ, ਜਿਸ ਲਈ ਉਨ੍ਹਾਂ ਵਲੋਂ ਵੀ ਸਮਝਾਇਆ ਗਿਆ ਪਰ ਫਿਰ ਵੀ ਜੇਕਰ ਕੋਈ ਲਾਪਰਵਾਹੀ ਕਰਦਾ ਹੈ ਤਾਂ ਪੁਲਿਸ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਣਾ ਪੈਂਦਾ ਹੈ।