Punjab News: ਮੁਹਾਲੀ ਦੀ 48 ਸਾਲਾ ਡਾ. ਅਨੁਭੂਤੀ ਦੇ ਜਜ਼ਬੇ ਨੂੰ ਸਲਾਮ; 48 ਦਿਨ ਵਿਚ ਮੋਟਰਸਾਈਕਲ ’ਤੇ ਤੈਅ ਕੀਤਾ ਦੇਸ਼ ਦਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

40 ਸਾਲ ਦੀ ਉਮਰ ਵਿਚ ਸਿੱਖਿਆ ਮੋਟਰਸਾਈਕਲ

Dr. Anubhuti

Punjab News: ਮੁਹਾਲੀ ਦੀ ਰਹਿਣ ਵਾਲੀ 48 ਸਾਲਾ ਔਰਤ ਨੇ 40 ਸਾਲ ਦੀ ਉਮਰ ਵਿਚ ਮੋਟਰਸਾਈਕਲ ਚਲਾਉਣਾ ਸਿੱਖਿਆ ਅਤੇ 48 ਦਿਨਾਂ ਵਿਚ ਮੋਟਰਸਾਈਕਲ ਉਤੇ  ਦੇਸ਼ ਭਰ ਦੀ ਯਾਤਰਾ ਕੀਤੀ। ਮੁਹਾਲੀ ਦੇ ਸੈਕਟਰ-125 ਦੀ ਵਸਨੀਕ ਡਾ. ਅਨੁਭੂਤੀ ਨੇ 18 ਫਰਵਰੀ ਤੋਂ ਆਲ ਇੰਡੀਆ ਰਾਈਡ ਸ਼ੁਰੂ ਕੀਤੀ ਸੀ, ਜੋ ਕਿ 5 ਅਪ੍ਰੈਲ ਨੂੰ ਖ਼ਤਮ ਹੋਈ।

ਉਸ ਨੇ ਉੱਤਰ ਤੋਂ ਦੱਖਣ ਵੱਲ ਅਤੇ ਫਿਰ ਪੂਰਬ ਤੋਂ ਵਾਪਸ ਉੱਤਰ ਵੱਲ ਯਾਤਰਾ ਕੀਤੀ। ਡਾ. ਅਨੁਭੂਤੀ ਦੀ ਇਸ ਕੋਸ਼ਿਸ਼ ਦਾ ਮਕਸਦ ‘ਸੋਇਲ ਐਮਪਾਵਰਮੈਂਟ ਰੀਵਾਈਵ ਯੂਅਰ ਅਰਥ’ ਸੀ। ਇਸ ਦੌਰਾਨ ਉਨ੍ਹਾਂ ਨੇ ਉਦੈਪੁਰ, ਅਹਿਮਦਾਬਾਦ 'ਚ ਭਾਸ਼ਣ ਵੀ ਦਿਤੇ। ਵਾਪਸ ਆ ਕੇ ਉਨ੍ਹਾਂ ਨੇ ਮਥੁਰਾ ਦੇ ਸਕੂਲ ਵਿਚ ਬੱਚਿਆਂ ਨੂੰ ਮਿੱਟੀ ਦੀ ਮਹੱਤਤਾ ਬਾਰੇ ਦਸਿਆ। ਡਾ. ਅਨੁਭੂਤੀ ਦਾ ਸ਼ੌਂਕ ਸਾਹਸੀ ਗਤੀਵਿਧੀਆਂ, ਟ੍ਰੈਕਿੰਗ ਅਤੇ ਬਾਈਕਿੰਗ ਯਾਤਰਾ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਅਪਣਾ ਜਨੂੰਨ ਨਹੀਂ ਛੱਡਣਾ ਚਾਹੀਦਾ। ਰਸਤੇ ਵਿਚ ਜਿੰਨੀਆਂ ਮਰਜ਼ੀ ਔਕੜਾਂ ਆ ਜਾਣ। ਉਨ੍ਹਾਂ ਦਸਿਆ ਕਿ ਭਾਰਤ ਦੀ ਯਾਤਰਾ ਦੌਰਾਨ, ਰਸਤੇ ਵਿਚ ਮਿਲੇ ਲੋਕਾਂ ਨੇ ਬਹੁਤ ਪ੍ਰੇਰਿਤ ਕੀਤਾ। ਹਰ ਗੁਜ਼ਰਦੇ ਦਿਨ ਨਾਲ ਇਹ ਸਫ਼ਰ ਹੋਰ ਸਕਾਰਾਤਮਕ ਹੁੰਦਾ ਗਿਆ।  

ਡਾਕਟਰ ਅਨੁਭੂਤੀ ਨੇ ਦਸਿਆ ਕਿ ਉਸ ਨੂੰ ਪੂਰੇ ਭਾਰਤ ਵਿਚ ਘੁੰਮਣ ਲਈ 48 ਦਿਨ ਲੱਗੇ। ਉਸ ਨੇ ਇਕ ਦਿਨ ਵਿਚ 350 ਤੋਂ 450 ਕਿਲੋਮੀਟਰ ਤਕ ਦੂਰੀ ਤੈਅ ਕੀਤੀ ਸੀ।

ਇਸ ਰਾਈਡ ਤੋਂ ਪਹਿਲਾਂ ਉਹ ਚੰਡੀਗੜ੍ਹ ਤੋਂ ਗੋਆ ਲਈ ਰਵਾਨਾ ਹੋਏ ਸਨ। ਉਨ੍ਹਾਂ ਨੇ ਇਹ ਯਾਤਰਾ 2021 ਵਿਚ ਕੀਤੀ ਸੀ। ਇਹ ਸਫ਼ਰ 16 ਦਿਨਾਂ ਵਿਚ ਪੂਰਾ ਹੋਇਆ ਸੀ।  

ਜਾਣ ਦਾ ਰੂਟ: ਪੰਜਾਬ-ਹਰਿਆਣਾ-ਰਾਜਸਥਾਨ-ਮੱਧ ਪ੍ਰਦੇਸ਼-ਮਹਾਰਾਸ਼ਟਰ-ਕਰਨਾਟਕ-ਕੇਰਲਾ-ਤਾਮਿਲਨਾਡੂ (ਕੰਨਿਆਕੁਮਾਰੀ)

ਵਾਪਸੀ ਦਾ ਰੂਟ:  ਤਾਮਿਲਨਾਡੂ (ਕੰਨਿਆਕੁਮਾਰੀ) - ਆਂਧਰਾ ਪ੍ਰਦੇਸ਼-ਉੜੀਸਾ-ਝਾਰਖੰਡ - ਪੱਛਮੀ ਬੰਗਾਲ – ਬਿਹਾਰ-ਯੂਪੀ - ਹਰਿਆਣਾ - ਪੰਜਾਬ