‘ਪ੍ਰਿਤਪਾਲ ਸਿੰਘ ਨੂੰ ਹਰਿਆਣਾ ’ਚੋਂ ਹੀ ਚੁਕਿਆ ਗਿਆ ਸੀ’, ਪੰਜਾਬ ਸਰਕਾਰ ਨੇ ਹਾਈ ਕੋਰਟ ’ਚ ਦਾਖ਼ਲ ਕੀਤਾ ਜਵਾਬ

ਏਜੰਸੀ

ਖ਼ਬਰਾਂ, ਪੰਜਾਬ

ਐਫ਼.ਆਈ.ਆਰ. ’ਚ ਨਵੀਂਆਂ ਧਾਰਾਵਾਂ ਵੀ ਜੋੜੀਆਂ

High Court

ਚੰਡੀਗੜ੍ਹ: ਪ੍ਰਿਤਪਾਲ ਸਿੰਘ ਮਾਮਲੇ ’ਚ ਪੰਜਾਬ ਸਰਕਾਰ ਵਲੋਂ ਦਰਜ ਐਫ.ਆਈ.ਆਰ. ’ਚ ਆਈ.ਪੀ.ਸੀ. ਦੀ ਧਾਰਾ 307, 325 ਅਤੇ 295 ਭਾਵ ਧਾਰਮਕ ਭਾਵਨਾਵਾਂ ਨੂੰ ਢਾਹ ਲਾਉਣ ਨੂੰ ਸ਼ਾਮਲ ਕੀਤਾ ਗਿਆ ਹੈ। ਹਾਈ ਕੋਰਟ ਨੂੰ ਇਹ ਵੀ ਦਸਿਆ ਗਿਆ ਕਿ ਜਿਸ ਥਾਂ ਤੋਂ ਪ੍ਰਿਤਪਾਲ ਨੂੰ ਚੁਕਿਆ ਗਿਆ ਸੀ, ਉਸ ਦੀ ਪਛਾਣ ਹਰਿਆਣਾ ਦੇ ਅੰਦਰ ਕੀਤੀ ਗਈ ਹੈ। ਇਹ ਮਾਮਲਾ ਹਾਈ ਕੋਰਟ ਵਲੋਂ ਗਠਿਤ ਸੇਵਾਮੁਕਤ ਜਸਟਿਸ ਜੈਸ਼੍ਰੀ ਠਾਕੁਰ ਦੀ ਕਮੇਟੀ ਨੂੰ ਵੀ ਸੌਂਪਿਆ ਜਾਣਾ ਚਾਹੀਦਾ ਹੈ, ਜੋ ਸ਼ੁਭਕਰਨ ਦੀ ਮੌਤ ਦੀ ਜਾਂਚ ਕਰ ਰਹੀ ਹੈ। 

ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਇਸ ਜਵਾਬ ਦੀ ਕਾਪੀ ਪਟੀਸ਼ਨਕਰਤਾ ਦੇ ਪਿਤਾ ਪ੍ਰਿਤਪਾਲ ਸਿੰਘ ਦੇ ਵਕੀਲ ਈਸ਼ ਪੁਨੀਤ ਸਿੰਘ ਨੂੰ ਦੇਣ ਦੇ ਹੁਕਮ ਦਿਤੇ ਹਨ ਅਤੇ ਈਸ਼ ਪੁਨੀਤ ਸਿੰਘ ਨੂੰ ਸਰਕਾਰ ਦੇ ਜਵਾਬ ’ਤੇ ਗੌਰ ਕਰਨ ਅਤੇ ਸੋਮਵਾਰ ਨੂੰ ਅਪਣਾ ਪੱਖ ਰੱਖਣ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਖਨੌਰੀ ਬਾਰਡਰ ਤੋਂ ਜ਼ਖਮੀ ਪ੍ਰਿਤਪਾਲ ਦੀ ਤਸਵੀਰ ਪੀ.ਜੀ.ਆਈ. ਰੋਹਤਕ ਤੋਂ ਜ਼ਖਮੀ ਹਾਲਤ ’ਚ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਮਾਮਲਾ ਹਾਈ ਕੋਰਟ ਪਹੁੰਚਿਆ ਅਤੇ ਬਾਅਦ ’ਚ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ’ਚ ਲਿਆਂਦਾ ਗਿਆ ਸੀ। ਬਾਅਦ ਵਿਚ ਪ੍ਰਿਤਪਾਲ ਨੇ ਚੰਡੀਗੜ੍ਹ ਦੇ ਸੀ.ਜੇ.ਐਮ. ਨੂੰ ਬਿਆਨ ਦਿਤੇ ਕਿ ਉਸ ਨੂੰ ਪਹਿਲਾਂ ਪੰਜਾਬ ਵਿਚ ਹਰਿਆਣਾ ਪੁਲਿਸ ਨੇ ਕੁੱਟਿਆ ਅਤੇ ਬਾਅਦ ਵਿਚ ਹਰਿਆਣਾ ਲਿਜਾਇਆ ਗਿਆ ਅਤੇ ਉਥੇ ਵੀ ਕੁੱਟਿਆ ਗਿਆ। 

ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ’ਤੇ ਜ਼ੀਰੋ ਐਫ.ਆਈ.ਆਰ. ਦਰਜ ਕੀਤੀ ਸੀ। ਪਿਛਲੀ ਸੁਣਵਾਈ ’ਤੇ ਹਾਈ ਕੋਰਟ ਨੇ ਜ਼ੀਰੋ ਐਫ.ਆਈ.ਆਰ. ਦਰਜ ਕਰਨ ਅਤੇ ਇਸ ’ਚ ਹਲਕੀ ਧਾਰਾਵਾਂ ਸ਼ਾਮਲ ਕਰਨ ਲਈ ਸਰਕਾਰ ਨੂੰ ਫਟਕਾਰ ਲਗਾ ਕੇ ਠੋਸ ਕਾਰਵਾਈ ਕਰਨ ਦੇ ਹੁਕਮ ਦਿਤੇ ਸਨ। ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਅਪਣਾ ਜਵਾਬ ਦਾਇਰ ਕਰ ਕੇ ਇਹ ਜਾਣਕਾਰੀ ਦਿਤੀ ਹੈ।