ਬਠਿੰਡਾ ਜ਼ਿਲ੍ਹੇ ਦੇ ਇੱਕ ਹਲਵਾਈ ਦੇ ਪੁੱਤਰ ਇੰਦਰਜੀਤ ਸਿੰਘ ਨੇ ਬੀਤੇ ਦਿਨੀਂ ਰਾਜਸਥਾਨ ਦੇ ਉਦੇਪੁਰ 'ਚ ਹੋਈ ਏਸ਼ੀਅਨ ਪਾਵਰ ਲਿਫਟਿੰਗ ਜੂਨੀਅਰ ਵਰਗ ਵਿਚ ਚਾਰ ਗੋਲਡ ਮੈਡਲ ਜਿੱਤ ਕੇ ਬਠਿੰਡਾ ਦਾ ਨਾਮ ਰੋਸ਼ਨ ਕੀਤਾ ਹੈ। ਇਸੇ ਤਰ੍ਹਾਂ ਸਬ ਜੂਨੀਅਰ ਚੈਂਪੀਅਨਸ਼ਿਪ ਵਿੱਚ ਖਿਡਾਰਨ ਜਾਸਮੀਨ ਕੌਰ ਨੇ ਵੀ ਮੈਡਲ ਜਿੱਤ ਕੇ ਬਠਿੰਡਾ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਬਠਿੰਡਾ ਪੁੱਜਣ 'ਤੇ ਇਨ੍ਹਾਂ ਖਿਡਾਰੀਆਂ ਦਾ ਸ਼ਹਿਰ ਵਾਸੀਆਂ ਨੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਮੇਅਰ ਬਲਵੰਤ ਰਾਏ ਨਾਥ ਦੀ ਅਗਵਾਈ 'ਚ ਭਰਵਾਂ ਸਵਾਗਤ ਕੀਤਾ। ਫੂਲ ਦੇ ਰਹਿਣ ਵਾਲੇ ਖਿਡਾਰੀ ਇੰਦਰਜੀਤ ਸਿੰਘ ਨੇ 14 ਦੇਸ਼ਾਂ ਦੀ ਏਸ਼ੀਅਨ ਪਾਵਰਲਿਫਟਿੰਗ ਚੈਂਪੀਅਨਸ਼ਿਪ ਦੇ ਜੂਨੀਅਰ ਵਰਗ ਦੀਆਂ ਚਾਰ ਕੈਟਾਗਰੀਆਂ ਵਿੱਚ ਹੀ ਗੋਲਡ ਮੈਡਲ ਜਿੱਤ ਕੇ ਝੰਡੇ ਗੱਡੇ ਹਨ। ਇੰਦਰਜੀਤ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ ਉਸਦੇ ਪਿਤਾ ਹਲਵਾਈ ਦਾ ਕੰਮ ਕਰਦੇ ਹਨ ਅਤੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਉਸ ਨੂੰ 12 ਜਮਾਤਾਂ ਪੜ੍ਹਾਈਆਂ ਹਨ। ਫੂਲ 'ਚ ਹਲਵਾਈ ਦੀ ਦੁਕਾਨ ਚਲਾ ਕੇ ਪਰਵਾਰ ਦਾ ਗੁਜ਼ਾਰਾ ਕਰਨ ਵਾਲੇ ਇੰਦਰਜੀਤ ਦੇ ਪ੍ਰਵਾਰ ਨੇ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕੀਤੀ ਹੈ।
ਖਿਡਾਰਨ ਜਾਸਮੀਨ ਕੌਰ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਸ ਨੇ ਸਬ ਜੂਨੀਅਰ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਅੱਗੇ ਵੀ ਉਹ ਇਸੇ ਤਰ੍ਹਾਂ ਮਿਹਨਤ ਕਰਦੀ ਰਹੇਗੀ। ਏਡੀਸੀ ਬਠਿੰਡਾ ਸਾਕਸ਼ੀ ਸਾਹਨੀ ਨੇ ਖਿਡਾਰੀਆਂ ਦੇ ਜਿੱਤ ਕੇ ਆਉਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਹੁਣ ਲੜਕੀਆਂ ਵੀ ਕਿਸੇ ਖੇਤਰ ਵਿੱਚ ਕਿਸੇ ਤੋਂ ਘੱਟ ਨਹੀਂ ਅਤੇ ਜਾਸਮੀਨ ਕੌਰ ਨੇ ਇਹ ਮੈਡਲ ਜਿੱਤ ਕੇ ਇਹ ਸਾਬਤ ਕਰ ਦਿਤਾ ਹੈ। ਉਨ੍ਹਾਂ ਜਾਸਮੀਨ ਕੌਰ ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਅੰਬੈਸਡਰ ਅਤੇ ਦੋਨੋਂ ਜਿੱਤ ਕੇ ਆਏ ਪਾਵਰ ਲਿਫਟਰਾਂ ਨੂੰ ਯੂਥ ਆਈਕੋਨ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਨਗਰ ਨਿਗਮ ਮੇਅਰ ਬਲਵੰਤ ਰਾਏ ਨਾਥ, ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਕੰਵਰਭੀਮ ਸਿੰਘ, ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਦੇ ਇਲਾਵਾ ਹੋਰ ਮੌਜੂਦ ਸਨ।