ਸੰਸਦ ਮੈਂਬਰ ਪ੍ਰੋ. ਚੰਦੂਮਾਜਰਾ ਨੇ ਚੇਅਰਮੈਨ ਬਲਜੀਤ ਭੁੱਟਾ ਦਾ ਕੀਤਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਪ੍ਰੀਸ਼ਦ ਨੂੰ ਕੇਂਦਰੀ ਪੰਚਾਇਤ ਵਿਭਾਗ ਭਾਰਤ ਸਰਕਾਰ ਵਲੋਂ ਮੰਗਲਵਾਰ ਨੂੰ...

prof. Chandumajra honored by Chairman Baljit Bhuta

ਫਤਿਹਗੜ੍ਹ ਸਾਹਿਬ, 9 ਮਈ (ਇੰਦਰਪ੍ਰੀਤ ਬਖਸ਼ੀ) ਫਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਪ੍ਰੀਸ਼ਦ ਨੂੰ ਕੇਂਦਰੀ ਪੰਚਾਇਤ ਵਿਭਾਗ ਭਾਰਤ ਸਰਕਾਰ ਵਲੋਂ ਮੰਗਲਵਾਰ ਨੂੰ ਦੇਸ਼ ਦੀ ਪਹਿਲੇ ਨੰਬਰ ਦੀ ਜ਼ਿਲ੍ਹਾ ਪ੍ਰੀਸ਼ਦ ਐਲਾਨ ਕੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ ਸੀ। ਇਸੇ ਸਬੰਧ ਵਿਚ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸਰਾਂ ਵਿਚ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕਰਦੇ ਹੋਏ ਚੇਅਰਮੈਨ ਬਲਜੀਤ ਸਿੰਘ ਭੁੱਟਾ ਦਾ ਸਨਮਾਨ ਕੀਤਾ।

ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਜ਼ਿਲ੍ਹਾ ਪ੍ਰੀਸ਼ਦ ਨੂੰ ਭਾਰਤ ਸਰਕਾਰ ਵਲੋਂ ਪਹਿਲਾ ਸਥਾਨ ਦੇਣਾ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਇਹ ਸੱਭ ਕੁਝ ਚੇਅਰਮੈਨ ਬਲਜੀਤ ਸਿੰਘ ਭੁੱਟਾ ਤੇ ਉਨ੍ਹਾਂ ਦੀ ਟੀਮ ਦੀ ਅਣਥੱਕ ਮਿਹਨਤ ਦਾ ਫਲ ਹੈ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਦੀਆਂ ਚੋਣਾਂ ਸਮੇਂ ਉਨ੍ਹਾਂ ਨੇ ਜਿਸ ਉਮੀਦ ਨਾਲ ਚੇਅਰਮੈਨ ਭੁੱਟਾ ਨੂੰ ਟਿਕਟ ਦਿੱਤੀ ਸੀ, ਉਸ 'ਤੇ ਉੁਹ ਪੂਰੀ ਤਰ੍ਹਾਂ ਖਰਾ ਉੱਤਰੇ ਹਨ ਤੇ ਉਹ ਵਧਾਈ ਦੇ ਪਾਤਰ ਹਨ।

ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਸੀ.ਆਈ.ਐਸ.ਐਫ. ਹਵਾਲੇ ਪੰਜਾਬ ਦੀਆਂ ਸੱਤ ਜੇਲ੍ਹਾ ਕੀਤੀਆਂ ਹਨ, ਇਹ ਸਿੱਧੇ ਤੌਰ 'ਤੇ ਪੰਜਾਬ ਦੇ ਅਧਿਕਾਰ ਖੇਤਰ ਅੰਦਰ ਕੇਂਦਰ ਨੂੰ ਰਾਹ ਬਣਾਉਣ ਦੀ ਕਾਰਵਾਈ ਕੀਤੀ ਹੈ। ਜਿਸ ਦਾ ਸ੍ਰੋਮਣੀ ਅਕਾਲੀ ਦਲ ਡਟ ਕੇ ਵਿਰੋਧ ਕਰੇਗਾ ਕਿਉਂਕਿ ਇਹ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ 'ਤੇ ਅਵਿਸ਼ਵਾਸ ਵਾਲੀ ਗੱਲ ਹੈ। ਸ਼ਾਹਕੋਟ ਉਪ ਚੋਣ ਮੈਦਾਨ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ 'ਤੇ ਦਰਜ ਹੋਏ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੇ ਕਾਂਗਰਸ ਦਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ ਹੈ ਕਿ ਇਹ ਕਿੰਨੇ ਦੁੱਧ ਦੇ ਧੋਤੇ ਹਨ।

ਪਿਛਲੇ ਦਿਨੀਂ ਸੁਨੀਲ ਜਾਖੜ ਵਲੋਂ ਆਏ ਬਿਆਨ ਕਿ ਬੇਅਦਬੀ ਦੀਆਂ ਘਟਨਾਵਾਂ ਅਕਾਲੀ ਭਾਜਪਾ ਸਰਕਾਰ ਸਮੇਂ ਹੋਈਆਂ, ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸੁਨੀਲ ਜਾਖੜ ਵਾਲੇ ਸੂਝਵਾਨ ਨੇਤਾ ਨੂੰ ਅਜਿਹੇ ਮੰਦਭਾਗੇ ਬਿਆਨ ਨਹੀਂ ਦੇਣੇ ਚਾਹੀਦੇ ਹਨ ਤੇ ਇਹ ਇੱਕ ਤਰ੍ਹਾਂ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।