ਰੁਬੈਲਾ ਦਾ ਟੀਕਾ ਲੱਗਣ ਮਗਰੋਂ ਬੱਚੇ ਦੀ ਹਾਲਤ ਵਿਗੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਰੀਦਕੋਟ ਇਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਬੱਚਾ ਵਿਭਾਗ ਵਿਚ ਅੱਠ ਸਾਲਾ ਇਕ ਵਿਦਿਆਰਥੀ...

Rajwir Singh

ਫ਼ਰੀਦਕੋਟ ਇਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਬੱਚਾ ਵਿਭਾਗ ਵਿਚ ਅੱਠ ਸਾਲਾ ਇਕ ਵਿਦਿਆਰਥੀ ਨੂੰ ਗੰਭੀਰ ਹਾਲਤ ਵਿਚ ਦਾਖ਼ਲ ਕਰਵਾਇਆ। ਇਸ ਬੱਚੇ ਨੂੰ ਪਿੰਡ ਜੱਸੀ ਬਾਗ ਵਾਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ 3 ਮਈ ਨੂੰ ਰੁਬੈਲਾ ਵੈਕਸੀਨੇਸ਼ਨ ਦਾ ਟੀਕਾ ਲਾਇਆ ਗਿਆ ਸੀ।ਅੱਠ ਸਾਲਾ ਬੱਚੇ ਰਾਜਵੀਰ ਸਿੰਘ ਦਾ ਇਲਾਜ ਕਰ ਰਹੇ ਡਾ. ਕਮਲਦੀਪ ਗਰਗ ਨੇ ਕਿਹਾ ਕਿ ਰਾਜਵੀਰ ਸਿੰਘ ਵੈਕਸੀਨ ਲਾਉਣ ਤੋਂ ਬੀਮਾਰ ਹੋਇਆ ਸੀ ਜਿਸ ਨੂੰ ਤੁਰਤ ਘੁੱਦੇ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿਥੋਂ ਇਹ ਬੱਚਾ ਅਪਣੇ ਘਰ ਚਲਾ ਗਿਆ ਸੀ ਅਤੇ ਇਕ ਦਿਨ ਪਹਿਲਾਂ ਇਸ ਬੱਚੇ ਦੀ ਹਾਲਤ ਵਿਗੜ ਗਈ ਜਿਸ ਕਰ ਕੇ ਇਸ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਆਈ.ਸੀ.ਯੂ ਵਿਚ ਭਰਤੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚੇ ਦੇ ਬੇਹਤਰ ਇਲਾਜ ਲਈ ਮਾਹਰ ਡਾਕਟਰਾਂ ਦੀ ਮਦਦ ਲਈ ਜਾ ਰਹੀ ਹੈ।

ਦੂਜੇ ਪਾਸੇ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਸੀਨੀਅਰ ਐਮ.ਡੀ. ਡਾਕਟਰ ਅਮਰ ਸਿੰਘ ਅਜ਼ਾਦ ਨੇ ਕਿਹਾ ਕਿ ਰਾਜਵੀਰ ਸਿੰਘ ਦੀ ਹਾਲਤ ਰੁਬੈਲਾ ਵੈਕਸੀਨੇਸ਼ਨ ਟੀਕੇ ਨਾਲ ਹੀ ਵਿਗੜੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਵੈਕਸੀਨੇਸ਼ਨ ਦਾ ਟੀਕਾ ਲੱਗਣ ਤੋਂ ਤੁਰਤ ਬਾਅਦ ਹੀ ਇਸ ਦੇ ਦੁਰਪ੍ਰਭਾਵ ਸਾਹਮਣੇ ਆਉਣ। ਉਨ੍ਹਾਂ ਕਿਹਾ ਕਿ ਇਸ ਵੈਕਸੀਨੇਸ਼ਨ ਦੇ ਦੁਰਪ੍ਰਭਾਵ ਲਈ ਕੁੱਝ ਘੰਟੇ, ਦਿਨ ਜਾਂ ਮਹੀਨੇ ਵੀ ਲੱਗ ਸਕਦੇ ਹਨ। ਡਾ. ਅਮਰ ਸਿੰਘ ਅਜ਼ਾਦ ਨੇ ਕਿਹਾ ਕਿ ਵੈਕਸੀਨੇਸ਼ਨ ਨਾਲ ਹੋਣ ਵਾਲੀ ਬੀਮਾਰੀ ਨੂੰ ਗੈਲਣ ਬੇਰੀ ਸਿੰਡਰੋਮ (ਜੀ.ਬੀ.ਐਸ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੱਚੇ ਦੇ ਪਿਤਾ ਜਸਵੀਰ ਸਿੰਘ ਨੇ ਕਿਹਾ ਕਿ ਵੈਕਸੀਨੇਸ਼ਨ ਤੋਂ ਪਹਿਲਾਂ ਉਨ੍ਹਾਂ ਦੇ ਬੱਚੇ ਦੀ ਹਾਲਤ ਬਿਲਕੁਲ ਦਰੁਸਤ ਸੀ ਅਤੇ ਵੈਕਸੀਨੇਸ਼ਨ ਲਾਉਣ ਵੇਲੇ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ ਅਤੇ ਬੱਚੇ ਦੀ ਹਾਲਤ ਵਿਗੜ ਗਈ। ਇਸੇ ਦਰਮਿਆਨ ਫ਼ਰੀਦਕੋਟ ਦੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਵੈਕਸੀਨੇਸ਼ਨ ਦਾ ਕੋਈ ਵੀ ਦੁਰਪ੍ਰਭਾਵ ਸਾਹਮਣੇ ਨਹੀਂ ਆਇਆ।