ਸਿਹਤ ਵਿਭਾਗ ਦੀ ਟੀਮ ਨੇ ਰੁਬੈਲਾ ਟੀਕਾਕਰਨ ਦੇ ਸੈਂਪਲ ਸੀ.ਆਰ.ਆਈ. ਕਸੌਲੀ ਭੇਜੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਨੂੰ ਵੀ ਸਿਹਤ ਵਿਭਾਗ ਨੇ ਭੇਜੀ ਰੀਪੋਰਟ 

Health Department

ਬਠਿੰਡਾ, ਪਿਛਲੇ ਕੁੱਝ ਦਿਨਾਂ ਤੋਂ ਜ਼ਿਲ੍ਹੇ 'ਚ ਮੀਜ਼ਲ ਰੁਬੈਲਾ ਦੇ ਟੀਕੇ ਲੱਗਣ ਤੋਂ ਬਾਅਦ ਬੱਚਿਆਂ ਦੇ ਬੀਮਾਰ ਹੋਣ ਦੀਆਂ ਘਟਨਾਵਾਂ 'ਚ ਹੋਏ ਵਾਧੇ ਤੋਂ ਬਾਅਦ ਅੱਜ ਚੰਡੀਗੜ੍ਹ ਤੋਂ ਸਿਹਤ ਵਿਭਾਗ ਦੀ ਟੀਮ ਬਠਿੰਡਾ ਪੁੱਜੀ। ਇਸ ਮੌਕੇ ਇਸ ਟੀਮ ਨਾਲ ਵਿਸ਼ਵ ਸਿਹਤ ਸੰਸਥਾ ਦੇ ਅਧਿਕਾਰੀ ਵੀ ਸ਼ਾਮਲ ਸਨ। ਇਸ ਟੀਮ ਵਲੋਂ ਜ਼ਿਲ੍ਹੇ ਦੇ ਮੁੱਖ ਸਟੋਰ ਵਿਚੋਂ ਮੀਜ਼ਲ ਰੁਬੈਲਾ ਟੀਕੇ ਦੇ ਸੈਂਪਲ ਭਰੇ ਗਏ। ਸਟੇਟ ਟੀਕਾਕਰਨ ਅਫ਼ਸਰ ਡਾ: ਜੀ.ਬੀ ਸਿੰਘ ਨੇ ਦਸਿਆ ਕਿ ਵਰਤੀ ਗਈ ਅਤੇ ਨਾ ਵਰਤੀ ਗਈ ਵੈਕਸੀਨ ਦੇ ਸੈਂਪਲ ਲੈਣ ਉਪਰੰਤ ਅਗਲੇਰੀ ਜਾਂਚ ਲਈ ਇਨ੍ਹਾਂ ਸੈਂਪਲਾਂ ਨੂੰ ਸੀ.ਆਰ.ਆਈ. ਕਸੋਲੀ ਵਿਖੇ ਭੇਜ ਦਿਤੇ ਗਏ ਹਨ। ਇਸ ਦੇ ਇਲਾਵਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁੰਦਨ ਪਾਲ ਨੇ ਦਸਿਆ ਕਿ ਕੇਂਦਰ ਸਰਕਾਰ ਨੂੰ ਵੀ ਰੀਪੋਰਟ ਭੇਜੀ ਗਈ ਹੈ। ਉਨ੍ਹਾਂ ਦਸਿਆ ਕਿ ਜੋ ਵੀ ਬੱਚੇ ਇਸ ਟੀਕਾਕਰਨ ਮੁਹਿੰਮ ਦੌਰਾਨ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਹੋਏ ਸਨ, ਉਹ ਬਿਲਕੁਲ ਠੀਕ-ਠਾਕ ਹਨ ਅਤੇ ਅਪਣੇ ਘਰ ਵਾਪਸ ਚਲੇ ਗਏ ਹਨ।

ਹਾਲਾਂਕਿ ਬੀਤੇ ਦਿਨ ਇਕੱਲੇ ਬਠਿੰਡਾ ਦੇ ਬੱਚਿਆਂ ਦੇ ਹਸਪਤਾਲ 'ਚ 13 ਬੱਚੇ ਆਉਣ ਤੋਂ ਇਲਾਵਾ ਬੀਤੀ ਰਾਤ ਦੋ ਅਤੇ ਅੱਜ ਦਿਨੇ ਤਿੰਨ ਬੱਚੇ ਇਸੇ ਸਮੱਸਿਆ ਨੂੰ ਲੈ ਕੇ ਹਸਪਤਾਲ ਦਾਖ਼ਲ ਕਰਵਾਏ ਗਏ। ਉਧਰ ਬੀਤੇ ਦਿਨ ਫ਼ਰੀਦਕੋਟ ਦੇ ਮੈਡੀਕਲ ਕਾਲਜ 'ਚ ਰੈਫ਼ਰ ਕੀਤੀ ਗਈ ਵਿਦਿਆਰਥਣ ਨੂੰ ਅੱਜ ਛੁੱਟੀ ਦੇ ਦਿਤੀ ਗਈ। ਡਾ. ਜੀ.ਬੀ ਸਿੰਘ ਨੇ ਦਸਿਆ ਕਿ ਸੂਬੇ ਵਿਚ ਅੱਜ ਤਕ ਅਸੀਂ 10 ਲੱਖ ਬੱਚੇ ਕਵਰ ਕੀਤੇ ਜਾ ਚੁਕੇ ਹਨ। ਬਠਿੰਡਾ ਜ਼ਿਲ੍ਹੇ ਵਿਚ ਵੀ ਕੁਲ 4 ਲੱਖ 14 ਹਜ਼ਾਰ ਬੱਚਿਆਂ ਵਿਚੋਂ 65 ਹਜ਼ਾਰ ਨੂੰ ਇਹ ਟੀਕਾ ਲਗਾਇਆ ਜਾ ਚੁਕਾ ਹੈ।  ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਟੀਕਾਕਰਨ ਅਫ਼ਸਰ ਡਾ: ਕੁੰਦਨ ਕੁਮਾਰ ਪਾਲ, ਡਾ. ਐਸ.ਸ੍ਰੀ ਨਿਵਾਸਨ, ਸਬ ਰਿਜ਼ਨਲ ਟੀਮ ਲੀਡਰ ਅਤੇ ਮਨੀਸਟਰੀ ਆਫ਼ ਹੈਲਥ ਐਂਡ ਫ਼ੈਮਲੀ ਵੈਲਫ਼ੇਅਰ ਦਿੱਲੀ ਤੋਂ ਡਾ: ਗੋਮਤੀ ਹਾਜ਼ਰ ਸਨ।