ਐਸਐਸਪੀ ਮੋਗਾ ਬਨਾਮ ਨਸ਼ਾ ਮਾਫ਼ੀਆ ਦੀ ਪੁਸ਼ਤ-ਪਨਾਹੀ ਡੀਜੀਪੀ ਨੇ ਜਾਂਚ ਕਰ ਕੇ ਹਾਈ ਕੋਰਟ ਰੀਪੋਰਟ ਸੌਂਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਥੀ ਤਰੀਕ ਤੋਂ ਇਕ ਦਿਨ ਪਹਿਲਾਂ ਹੀ ਹਾਈ ਕੋਰਟ ਪੁੱਜੇ ਚਟੋਪਾਧਿਆਏ, ਸੁਣਵਾਈ 23 ਮਈ ਨੂੰ

Punjab And Haryana High Court

ਚੰਡੀਗੜ੍ਹ, ਪੰਜਾਬ ਦੇ ਡੀਜੀਪੀ (ਮਨੁੱਖੀ ਸਰੋਤ ਵਿਕਾਸ) ਸਿਧਾਰਥ ਚਟੋਪਾਧਿਆਏ ਨੇ ਪੰਜਾਬ ਪੁਲਿਸ ਦੇ ਇਕ ਹਿੱਸੇ ਵਲੋਂ ਨਸ਼ਾ ਮਾਫ਼ੀਆ ਦੀ ਪੁਸ਼ਤਪਨਾਹੀ ਦੇ ਦੋਸ਼ਾਂ ਬਾਰੇ ਅਦਾਲਤੀ ਹੁਕਮਾਂ 'ਤੇ ਕੀਤੀ ਅਪਣੀ ਜਾਂਚ ਦੀ ਮੁਕੰਮਲ ਰੀਪੋਰਟ ਅੱਜ ਹਾਈ ਕੋਰਟ ਨੂੰ ਸੌਂਪ ਦਿਤੀ ਹੈ। ਹਾਲਾਂਕਿ ਹਾਈ ਕੋਰਟ ਵਲੋਂ ਉਕਤ ਅਧਿਕਾਰੀ ਨੂੰ 9 ਮਈ ਤਕ ਇਹ ਰੀਪੋਰਟ ਸੀਲਬੰਦ ਰੂਪ 'ਚ ਸੌਂਪਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਅੱਜ ਇਕ ਦਿਨ ਪਹਿਲਾਂ ਹੀ ਅਚਨਚੇਤ ਬਾਅਦ ਦੁਪਹਿਰ ਹਾਈ ਕੋਰਟ ਪਹੁੰਚ ਕੇ ਇਹ ਰੀਪੋਰਟ ਹਾਈ ਕੋਰਟ ਵਿਚ ਦਾਇਰ ਕਰ ਦਿਤੀ।ਪੰਜਾਬ ਪੁਲਿਸ ਦੇ ਕਰਮੀਆਂ ਨਾਲ ਡੀਜੀਪੀ ਚਟੋਪਾਧਿਆਏ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਹਾਈ ਕੋਰਟ ਅੰਦਰ ਦਾਖ਼ਲ ਹੋਏ। ਕਰੀਬ 15 ਮਿੰਟ ਅੰਦਰ ਰਹਿਣ ਮਗਰੋਂ ਉਹ ਬਾਹਰ ਆਏ ਅਤੇ ਉਹ ਸਿਰਫ਼ ਇੰਨਾ ਬੋਲ ਕੇ ਚਲੇ ਗਏ ਕਿ ਉਨ੍ਹਾਂ ਨੇ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਹੁੰਦਲ ਵਿਰੁਧ ਨਸ਼ਿਆਂ ਦੇ ਮਾਮਲੇ ਵਿਚ ਕੀਤੀ ਜਾ ਰਹੀ ਜਾਂਚ ਦੀ ਸਟੇਟਸ ਰੀਪੋਰਟ ਅਦਾਲਤ  ਵਿਚ ਦਾਇਰ ਕਰ ਦਿਤੀ ਹੈ। ਦਸਣਯੋਗ ਹੈ ਕਿ ਬੀਤੇ ਅਪ੍ਰੈਲ ਮਹੀਨੇ ਦੇ ਆਖ਼ਰੀ ਹਫ਼ਤੇ ਹੀ

ਜਸਟਿਸ ਸੁਰਿਆ ਕਾਂਤ ਅਤੇ ਜਸਟਿਸ ਸ਼ੇਖਰ ਧਵਨ ਉਤੇ ਅਧਾਰਤ ਡਵੀਜਨ ਬੈਂਚ ਨੇ ਇਸ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ 9 ਮਈ ਤਕ ਸੀਲਬੰਦ ਰੀਪੋਰਟ ਪੇਸ਼ ਕਰਨ ਦੇ ਹੁਕਮ ਦੇ ਦਿਤੇ ਸਨ। ਇਹ ਉਹੀ ਮਾਮਲਾ ਹੈ ਜਿਸ ਤਹਿਤ  ਚਟੋਪਾਧਿਆਏ ਅਤੇ ਦੋ ਹੋਰਨਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਹਾਈ ਕੋਰਟ ਵਲੋਂ ਹੀ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਮਾਮਲੇ ਵਿਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਪਨਪੇ ਕਥਿਤ ਗਠਜੋੜ ਦੀਆਂ ਤਾਰਾਂ ਉਧੇੜਨ ਦੀ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਬੈਂਚ ਨੇ ਇਸ ਮਾਮਲੇ ਨੂੰ ਆਉਂਦੀ 23 ਮਈ ਤਕ ਅਗੇ ਪਾਉਂਦੇ ਹੋਏ ਨਾਲ ਹੀ ਇਹ ਵੀ ਸਪਸ਼ਟ ਕੀਤਾ ਸੀ ਕਿ 9 ਮਈ ਤਕ ਸੌਂਪੀ ਜਾਣ ਵਾਲੀ ਸੀਲਬੰਦ ਰੀਪੋਰਟ ਨੂੰ ਬੈਂਚ ਵਲੋਂ ਪਹਿਲਾਂ ਬਾਰੀਕੀ ਨਾਲ ਘੋਖਿਆ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਇਹ ਅਦਾਲਤ ਮਿੱਤਰ (ਐਮਿਕਸ ਕਿਉਰੀ) ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨਾਲ ਵੀ ਸਾਂਝੀ ਕੀਤੀ ਜਾ ਸਕਦੀ ਹੈ।