ਗੁਰਦਾਸਪੁਰ, 8 ਮਈ (ਹਰਜੀਤ ਸਿੰਘ ਆਲਮ): ਜ਼ਿਲ੍ਹਾ ਪੁਲਿਸ ਗੁਰਦਾਸਪੁਰ ਨੇ ਅੱਜ ਟਰੱਕਾਂ ਨੂੰ ਕਰਜ਼ੇ 'ਤੇ ਲੈ ਕੇ ਫਿਰ ਉਸ ਦੀਆਂ ਕਿਸ਼ਤਾਂ ਦੇਣੀਆਂ ਬੰਦ ਕਰਦੇ ਇਹ ਟਰੱਕ ਜਾਅਲੀ ਚੈਸੀ, ਇੰਜਣ ਅਤੇ ਨੰਬਰ ਲਗਾ ਕੇ ਵੇਚ ਦਿੰਦੇ ਸਨ। ਇਹ ਜਾਣਕਾਰੀ ਅੱਜ ਇਥੇ ਗੁਰਦਾਸਪੁਰ ਦੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਅਪਣੇ ਦਫ਼ਤਰ ਵਿਖੇ ਬੁਲਾਈ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ। ਇਸ ਗਰੋਹ ਦੇ ਸੂਤਰਧਾਰਾਂ ਵਿਚ ਪੰਜਾਬ ਪੁਲਿਸ ਦਾ ਇਕ ਮੁਲਾਜ਼ਮ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ ਜੋ ਅੰਮ੍ਰਿਤਸਰ ਦਿਹਾਤੀ ਵਿਖੇ ਤਾਇਨਾਤ ਸੀ। ਸ. ਭੁੱਲਰ ਨੇ ਵਿਸਥਾਰ ਵਿਚ ਦਸਿਆ ਕਿ ਏਅਰਪੋਰਟ ਰੋਡ ਅੰਮ੍ਰਿਤਸਰ ਦਾ ਵਾਸੀ ਦਲਜੀਤ ਸਿੰਘ ਉਸ ਨੇ ਕਿਸੇ ਤਰ੍ਹਾਂ ਛੱਤੀਸਗੜ੍ਹ ਤੋਂ ਕਰੀਬ ਦਰਜਨ ਟਰੱਕ ਫ਼ਾਈਨਾਂਸ ਕਰਵਾ ਕੇ ਕਰਜ਼ੇ 'ਤੇ ਲਏ ਸਨ। ਕਰਜ਼ੇ ਦੀਆਂ ਕਿਸ਼ਤਾਂ ਵਾਪਸ ਨਾ ਕੀਤੇ ਜਾਣ ਕਾਰਨ ਤਿੰਨ ਟਰੱਕ ਫ਼ਾਈਨਾਂਸ ਕੰਪਨੀ ਅਪਣੇ ਕਬਜ਼ੇ ਵਿਚ ਲੈ ਲਏ ਸਨ। ਪੁਲਿਸ ਮੁਖੀ ਨੇ ਅੱਗੇ ਦਸਿਆ ਕਿ ਛੱਤੀਸਗੜ੍ਹ ਤੋਂ ਫ਼ਾਈਨਾਂਸ ਕਰਵਾਏ ਬਾਕੀ 5 ਟਰੱਕ ਉਹ ਪੰਜਾਬ ਲੈ ਆਇਆ ਅਤੇਇਥੇ ਉਸ ਦਾ ਸੰਪਰਕ ਉਕਤ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਅਤੇ ਜਸਬੀਰ ਸਿੰਘ ਨਾਲ ਹੋ ਗਿਆ ਇਨ੍ਹਾਂ ਇਕ ਸਲਾਹ ਕਰ ਕੇ ਇਨ੍ਹਾਂ ਟਰੱਕਾਂ ਦੇ ਇੰਜਣ ਨੰਬਰ, ਚੈਸੀ ਨੰਬਰ, ਜਾਅਲੀ ਆਰਸੀਆਂ ਤਿਆਰ ਕਰਵਾ ਦੇ ਵੈਲਡਰ ਦੇ ਰਾਹੀਂ ਹੋਰ ਨੰਬਰ ਲਗਾ ਕੇ ਵੇਚ ਦਿਤੇ ਜਦੋਂ ਕਿ ਬਾਕੀ ਰਹਿੰਦੇ ਟਰੱਕ ਵੀ ਵੇਚਣ ਦੀ ਤਾਕ ਵਿਚ ਸਨ। ਇਸੇ ਦੌਰਾਨ ਥਾਣਾ ਕਾਹਨੂੰਵਾਨ ਅਧੀਨ ਪੈਂਦੀ ਚੌਕੀ ਤੁਗਲਵਾਲ ਦੇ ਇੰਚਾਰਜ ਮੇਜਰ ਸਿੰਘ ਨੂੰ ਕਿਸੇ ਮੁਖ਼ਬਰ ਰਾਹੀਂ ਟਰੱਕਾਂ ਉਕਤ ਗਰੋਹ ਬਾਰੇ ਜਾਣਕਾਰੀ ਮਿਲੀ ਕਿ ਇਹ ਦੋਸ਼ੀ ਟਰੱਕ ਵੇਚਣ ਦੀ ਨੀਅਤ ਨਾਲ ਇਧਰ ਘੁੰਮ ਰਹੇ ਹਨ। ਸੱਭ ਤੋਂ ਪਹਿਲਾਂ ਦੋਸ਼ੀਆਂ ਵਿਰੁਧ ਮੁਕੱਦਮਾ ਦਰਜ ਕਰ ਕੇ ਤਫ਼ਤੀਸ਼ ਆਰੰਭ ਕਰ ਦਿਤੀ।
ਇਸ ਦੇ ਬਾਅਦ ਡੀ.ਐਸ.ਪੀ. ਦਿਹਾਤੀ ਮਨਜੀਤ ਸਿੰਘ ਅਤੇ ਕਾਹਨੂੰਵਾਨ ਦੇ ਐਸ. ਐਚ. ਓ. ਸੁਰਿੰਦਰ ਸਿੰਘ ਅਤੇ ਚੌਕੀ ਇੰਚਾਰਜ ਮੇਜਰ ਸਿੰਘ ਵਲੋਂ ਫ਼ੋਰਸ ਸਮੇਤ ਅੱਡਾ ਤੁਗਲਵਾਲ 'ਤੇ ਨਾਕਾਬੰਦੀ ਕਰ ਦਿਤੀ ਅਤੇ ਹਰਚੋਵਾਲ ਵਾਲੇ ਪਾਸੇ ਤੋਂ ਆ ਰਹੇ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਅਤੇ ਮਾਲਕ ਨੇ ਅਪਣਾ ਨਾਂਅ ਦਲਜੀਤ ਸਿੰਘ ਦਸਿਆ ਜਿਸ ਨਾਲ ਦੋ ਹੋਰ ਵਿਅਕਤੀ ਬੈਠੇ ਸਨ। ਜਿਨ੍ਹਾ ਨੇ ਅਪਣੇ ਨਾਂਅ ਜਸਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਦਸੇ ਜਿਸ ਕੋਲੋਂ ਟਰੱਕ ਦੇ ਕਾਗ਼ਜ਼ ਮੰਗੇ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ। ਪੁਲਿਸ ਮੁਖੀ ਨੇ ਦਸਿਆ ਇਨ੍ਹਾਂ ਤੋਂ ਥੋੜੀ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਛੱਤੀਸਗੜ ਤੋਂ ਟਰੱਕ ਫ਼ਾਈਨਾਂਸ ਕਰਵਾਏ ਹਨ ਅਤੇ ਪੰਜਾਬ ਲਿਆ ਕਿ ਟਰੱਕਾਂ ਦੀਆਂ ਚੈਸੀਆਂ, ਇੰਜਣ ਅਤੇ ਨੰਬਰ ਪਲਟਾਂ ਜਾਅਲੀ ਲਗਾ ਕੇ ਵੇਚਣ ਦਾ ਧੰਦਾ ਕਰਦੇ ਸਨ। ਦੋਸ਼ੀਆਂ ਨੇ ਦਸਿਆ ਕਿ ਕਈ ਟਰੱਕ ਉਹ ਵੇਚ ਚੁੱਕੇ ਹਨ। ਉਨ੍ਹਾਂ ਕੋਲੋਂ 3 ਟਰੱਕ ਬਰਾਮਦ ਹੋਏ ਹਨ ਅਤੇ 5 ਹੋਰ ਟਰੱਕ ਬਰਾਮਦ ਕੀਤੇ ਜਾਣੇ ਹਨ। ਪੁਲਿਸ ਮੁਖੀ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਉਕਤ ਤਿੰਨਾਂ ਦੋਸ਼ੀਆਂ ਦਾ ਪੁਲਿਸ ਰੀਮਾਂਡ ਲੈ ਕੇ ਅਗਾਂਹ ਹੋਰ ਪੁਛਗਿਛ ਕਈ ਅਹਿਮ ਪ੍ਰਗਟਾਵੇ ਹੋਣ ਦੀਆਂ ਸੰਭਾਵਨਾਵਾਂ ਹਨ। ਪਟਿਆਲਾ ਵਾਸੀ ਦਲਜੀਤ ਸਿੰਘ ਸਮੇਤ ਉਨ੍ਹਾਂ ਬਾਕੀ ਦੋਸ਼ੀ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।