ਸੋਨੀਪਤ ਦੇ ਆਜ਼ਾਦ ਉਮੀਦਵਾਰ 'ਤੇ ਜਾਨਲੇਵਾ ਹਮਲਾ, ਚਲਾਈਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ

Satish Kumar Deswal

ਪੰਜਾਬ- ਹਰਿਆਣਾ ਦੇ ਸੋਨੀਪਤ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਸਤੀਸ਼ ਰਾਜ ਦੇਸ਼ਵਾਲ 'ਤੇ ਉਸ ਸਮੇਂ ਜਾਨਲੇਵਾ ਹਮਲਾ ਹੋ ਗਿਆ ਜਦੋਂ ਦੇਰ ਰਾਤ ਉਹ ਆਪਣੇ ਦਫ਼ਤਰ ਵਿਚ ਸੌਂ ਰਹੇ ਸਨ ਦਰਅਸਲ ਹਮਲਾਵਰਾਂ ਨੇ ਕਮਰੇ ਦੀ ਕੰਧ ਨਾਲ ਪੌੜੀ ਲਗਾ ਕੇ ਖਿੜਕੀ ਰਾਹੀਂ ਫਾਈਰਿੰਗ ਕੀਤੀ। ਗ਼ਨੀਮਤ ਰਹੀ ਕਿ ਇਸ ਹਮਲੇ ਵਿਚ ਸਤੀਸ਼ ਵਾਲ-ਵਾਲ ਬਚ ਗਏ।

ਹਮਲਾ ਕਰਨ ਮਗਰੋਂ ਮੁਲਜ਼ਮ ਫ਼ਰਾਰ ਹੋ ਗਏ ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਜਾਣਕਾਰੀ ਅਨੁਸਾਰ ਬੀਤੇ ਸੋਮਵਾਰ ਵੀ ਸਤੀਸ਼ ਰਾਜ ਦੀ ਗੱਡੀ ਨੂੰ ਕਿਸੇ ਅਣਪਛਾਤੀ ਕਾਰ ਨੇ ਟੱਕਰ ਮਾਰ ਦਿਤੀ ਸੀ ਹਾਲਾਂਕਿ ਇਸ ਦੌਰਾਨ ਕਾਰ ਸਵਾਰ ਵਾਲ-ਵਾਲ ਬਚ ਗਏ ਸਨ ਪਰ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ।

ਇਸ ਦੌਰਾਨ ਸੁਰੱਖਿਆ ਕਰਮੀਆਂ ਦੀ ਲਾਪ੍ਰਵਾਹੀ ਦੇਖਣ ਨੂੰ ਮਿਲੀ ਸੀ ਕਿਉਂਕਿ ਅਣਪਛਾਤੇ ਕਾਰ ਸਵਾਰ ਕਾਰ ਵਿਚੋਂ ਉਤਰ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ। ਗੱਡੀ ਦੀ ਜਦੋਂ ਤਲਾਸ਼ੀ ਲਈ ਗਈ ਸੀ ਤਾਂ ਉਸ ਵਿਚੋਂ ਲਾਠੀਆਂ, ਸੋਟੇ ਬਰਾਮਦ ਹੋਏ ਸਨ। ਦਸ ਦਈਏ ਕਿ ਸੋਨੀਪਤ ਸੀਟ ਤੋਂ ਭਾਜਪਾ ਦੇ ਮੌਜੂਦਾ ਸਾਂਸਦ ਰਮੇਸ਼ ਚੰਦਰ ਕੌਸ਼ਿਕ, ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਇਨੈਲੋ ਦੇ ਸੁਰੇਂਦਰ ਕੁਮਾਰ ਛਿਕਾਰਾ ਚੋਣ ਲੜੇ ਰਹੇ ਹਨ।