ਦਿੱਲੀ ਕਮੇਟੀ ਗੁਰਦਵਾਰਿਆਂ 'ਚ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਦਾ ਕਰਵਾਏਗੀ ਜੀਵਨ ਬੀਮਾ : ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੇਵਾਦਾਰ, ਰਾਗੀ, ਸੁਰੱਖਿਆ ਅਮਲੇ ਦੇ ਮੈਂਬਰ ਮੁਲਾਜ਼ਮ ਗੁਰਦਵਾਰਾ ਕਮੇਟੀ ਦੀ ਰੀੜ੍ਹ ਦੀ ਹੱਡੀ ਹਨ

1

ਨਵੀਂ ਦਿੱਲੀ, 9 ਮਈ (ਸੁਖਰਾਜ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਪਣੇ ਵੱਖ-ਵੱਖ ਗੁਰਦਵਾਰਿਆਂ ਵਿਚ ਇਸ ਕੋਰੋਨਾ ਸੰਕਟ ਵੇਲੇ ਕੰਮ ਕਰ ਰਹੇ ਸਾਰੇ 2500 ਮੁਲਾਜ਼ਮਾਂ ਦਾ ਜੀਵਨ ਬੀਮਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ।


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ 2500 ਮੁਲਾਜ਼ਮ ਜਿਨ੍ਹਾਂ ਵਿਚ ਸੇਵਾਦਾਰ, ਰਾਗੀ, ਸੁਰੱਖਿਆ ਅਮਲੇ ਦੇ ਮੈਂਬਰ ਇਸ ਵੇਲੇ ਵੱਖ-ਵੱਖ ਗੁਰਦਵਾਰਿਆਂ ਵਿਚ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ, ਇਨ੍ਹਾਂ ਸਾਰਿਆਂ ਦਾ 2 ਲੱਖ ਰੁਪਏ ਹਰੇਕ ਦਾ ਜੀਵਨ ਬੀਮਾ ਕਰਵਾਇਆ ਜਾਵੇਗਾ ਤੇ ਇਸ ਬੀਮੇ ਤਹਿਤ ਕੋਰੋਨਾ ਜਾਂ ਹੋਰ ਭਿਆਨਕ ਬਿਮਾਰੀ ਜਾਂ ਫਿਰ ਐਕਸੀਡੈਂਟ ਹੋਣ ਨਾਲ ਮੌਤ ਹੋਣ ਦੀ ਸੂਰਤ ਵਿਚ ਵੀ ਬੀਮਾ ਰਾਸ਼ੀ ਪਰਵਾਰ ਨੂੰ ਮਿਲ ਸਕੇਗੀ। ਸ. ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਸਮਝਦੀ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਜੀਵਨ ਬੀਮਾ ਦਾ ਕਵਰ ਦੇਣਾ ਉਸ ਦੀ ਜ਼ਿੰਮੇਵਾਰੀ ਹੈ ਤੇ ਇਨ੍ਹਾਂ ਵਲੋਂ ਕੋਰੋਨਾ ਸੰਕਟ ਵੇਲੇ ਦਿਤੀਆਂ ਸੇਵਾਵਾਂ ਲਈ ਇਨ੍ਹਾਂ ਦਾ ਧਨਵਾਦ ਕਰਨ ਵਾਸਤੇ ਇਹ ਸੱਭ ਬੇਹਤਰੀਨ ਤਰੀਕਾ ਹੈ।

ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਗੁਰਦਵਾਰਾ ਕਮੇਟੀ ਦੀ ਰੀੜ੍ਹ ਦੀ ਹੱਡੀ ਹਨ ਤੇ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਇਨ੍ਹਾਂ ਦਾ ਜੀਵਨ ਬੀਮਾ ਕਰਵਾਇਆ ਜਾਵੇ ਤਾਂ ਕਿ ਰੱਬ ਨਾ ਕਰੇ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਦੇ ਇਨ੍ਹਾਂ ਦੇ ਪਰਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰਾਂ ਨੇ ਫ਼ਰੰਟ ਵਾਰੀਅਰਜ਼ ਦੀ ਮਦਦ ਉਨ੍ਹਾਂ ਦੇ ਜੀਵਨ ਬੀਮੇ ਕਰਵਾ ਕੇ ਕੀਤੀ ਹੈ ਪਰ ਅਜਿਹੇ ਵਿਅਕਤੀ ਜੋ ਫ਼ਰੰਟ ਵਾਰੀਅਰਜ਼ ਹੀ ਹਨ ਤੇ ਲੋਕਾਂ ਨੂੰ ਲੰਗਰ ਛਕਾਉਣ ਦੇ ਨਾਲ-ਨਾਲ ਦਿੱਲੀ ਕਮੇਟੀ ਦੀਆਂ ਵੱਖ-ਵੱਖ ਸਰਾਵਾਂ ਵਿਚ ਠਹਿਰੇ ਮੈਡੀਕਲ ਸਟਾਫ਼ ਨੂੰ ਵੀ ਜ਼ਰੂਰੀ ਸੇਵਾਵਾਂ ਕੋਈ ਪਰਵਾਹ ਕੀਤੇ ਦੇ ਰਹੇ ਹਨ। 


ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਦਿੱਲੀ ਕਮੇਟੀ ਨੇ ਫ਼ੈਸਲਾ ਕੀਤਾ ਕਿ ਉਹ ਅਪਣੇ ਇਨ੍ਹਾਂ ਸਾਰੇ ਫ਼ਰੰਟ ਵਾਰੀਅਰਜ਼ ਲਈ ਜੀਵਨ ਬੀਮਾ ਕਰਵਾਏਗੀ।