ਸਾਬਕਾ ਡੀਜੀਪੀ ਦੀ ਅਗਾਊਂ ਜ਼ਮਾਨਤ 'ਤੇ ਅਦਾਲਤ ਸੋਮਵਾਰ ਨੂੰ ਸੁਣਾਵੇਗੀ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਵੱਲੋਂ ਮੋਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ।

Photo

ਸਾਹਿਬਜ਼ਾਦਾ ਅਜੀਤ ਸਿੰਘ ਨਗਰ: 1991 ਵਿਚ ਆਈ ਏ ਐਸ ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਵੱਲੋਂ ਮੋਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਦਾਇਰ ਅਰਜ਼ੀ 'ਤੇ ਅੱਜ ਬਹਿਸ ਹੋਈ।

ਹੁਣ ਸੋਮਵਾਰ ਨੂੰ ਅਦਾਲਤ ਆਪਣਾ ਫ਼ੈਸਲਾ ਸੁਣਾਏਗੀ।ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ 29 ਸਾਲ ਪਹਿਲਾਂ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਥਾਣਾ ਮਟੌਰ ਵਿਚ ਸੁਮੇਧ ਸਿੰਘ ਸੈਣੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਉਹਨਾਂ ਵੱਲੋਂ ਪਹਿਲਾਂ ਵਕੀਲ ਸਤਨਾਮ ਸਿੰਘ ਕਲੇਰ ਪੇਸ਼ ਹੋਏ ਸਨ ਪਰ ਕੁਝ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਉਹਨਾਂ ਨੇ ਸੁਮੇਧ ਸੈਣੀ ਦਾ ਕੇਸ ਲੜ੍ਹਨ ਤੋਂ ਨਾਹ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ 1991 ਵਿਚ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਸਾਬਕਾ ਪੰਜਾਬ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸੁਮੇਧ ਸੈਣੀ ਉਸ ਸਮੇਂ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਕਪਤਾਨ ਸਨ। ਬਲਵੰਤ ਸਿੰਘ ਮੁਲਤਾਨੀ ਨੂੰ ਦੋ ਅਧਿਕਾਰੀਆਂ ਨੇ ਚੰਡੀਗੜ੍ਹ ਵਿਖੇ ਸੁਮੇਧ ਸੈਣੀ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚੁੱਕ ਲਿਆ, ਜਿਸ ਵਿਚ ਉਸ ਦੀ ਸੁਰੱਖਿਆ ਵਿਚ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸਨ।

ਪੰਜਾਬ ਪੁਲਿਸ ਵਲੋਂ ਸੁਮੇਧ ਸੈਣੀ ਖਿਲਾਫ ਧਾਰਾ 364 (ਅਗਵਾ ਜਾਂ ਕਤਲ ਦੇ ਇਲਜ਼ਾਮ ਅਨੁਸਾਰ ਅਗਵਾ), 201 (ਸਬੂਤ ਗਾਇਬ ਹੋਣ ਕਾਰਨ), (ਗਲਤ ਕੈਦ) ਧਾਰਾ 330 (ਸਵੈ-ਇੱਛਾ ਨਾਲ ਇਕਬਾਲੀਆ ਬਿਆਨ ਕਰਨ ਲਈ ਸੱਟ ਪਹੁੰਚਾਉਣ ਵਾਲੇ) ਅਤੇ 120 (ਬੀ) (ਅਪਰਾਧਿਕ ਸਾਜਿਸ਼) ਤਹਿਤ ਕੇਸ ਦਰਜ ਕੀਤਾ ਗਿਆ ਸੀ।