ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਤੇ ਉਸ ਦੇ ਛੇ ਹੋਰ ਸਾਥੀ ਗਿ੍ਰਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਜਿਸ ਦਾ ਕਥਿਤ ਤੌਰ ਉਤੇ ਮ੍ਰਿਤਕ ਪਾਕਿਸਤਾਨ ਅਧਾਰਤ ਕੇ.ਐਲ.ਐਫ. ਦੇ ਮੁਖੀ ਹਰਮੀਤ ਸਿੰਘ ਹੈਪੀ ਅਤੇ ਜਰਮਨੀ ਅਧਾਰਤ ਕੇ.ਜੈਡ.ਐਫ. ਬੱਗਾ ਨਾਲ ਕਥਿਤ ਸਬੰਧ ਸਨ

File Photo

ਚੰਡੀਗੜ੍ਹ, 8 ਮਈ (ਸਸਸ): ਪੰਜਾਬ ਪੁਲਿਸ ਨੇ ਅਤਿ ਲੋਂੜੀਦਾ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਅਤੇ  ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਕਥਿਤ ਤੌਰ ਉਤੇ ਮ੍ਰਿਤਕ ਪਾਕਿਸਤਾਨ ਅਧਾਰਤ ਕੇ.ਐਲ.ਐਫ. ਦੇ ਮੁਖੀ ਹਰਮੀਤ ਸਿੰਘ ਹੈਪੀ ਅਤੇ ਜਰਮਨੀ ਅਧਾਰਤ ਕੇ.ਜੈਡ.ਐਫ. ਬੱਗਾ ਨਾਲ ਕਥਿਤ ਸਬੰਧ ਸਨ। ਇਕ ਹੋਰ ਨਾਮੀ ਗੈਂਗਸਟਰ ਸੁਖਜਿੰਦਰ ਅਤੇ ਬਿੱਲਾ ਗਿਰੋਹ ਦੇ ਪੰਜ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਨਾਲ ਹੀ ਪਾਕਿਸਤਾਨ ਤੋਂ ਸਮੱਗਲ ਕੀਤੇ ਗਏ ਅਤਿ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਦੇ ਨਾਲ-ਨਾਲ ਡਰੋਨਾਂ ਸਮੇਤ ਡਰੱਗ ਮਨੀ ਵੀ ਕਈ ਤਰੀਕਿਆਂ ਰਾਹੀਂ ਵੱਖ-ਵੱਖ ਸਮੇਂ ਸਰਹੱਦ ਤੋਂ ਤਸਕਰ ਕੀਤੇ ਗਏ ਸਨ।

ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਅਨੁਸਾਰ ਚੰਡੀਗੜ੍ਹ ਤੋਂ ਓ.ਸੀ.ਸੀ.ਯੂ. ਟੀਮ, ਕਾਊਂਟਰ ਇੰਟੈਲੀਜੈਂਸ ਜਲੰਧਰ ਯੂਨਿਟ ਅਤੇ ਕਪੂਰਥਲਾ ਪੁਲਿਸ ਨੇ ਇਕ ਸਾਂਝੇ ਅਭਿਆਨ ਤਹਿਤ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ, ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲਾ, ਸੁਖਜਿੰਦਰ ਸਿੰਘ, ਮੋਹਿਤ ਸ਼ਰਮਾ, ਲਵਪ੍ਰੀਤ ਸਿੰਘ, ਮੰਗਲ ਸਿੰਘ, ਮਨਿੰਦਰਜੀਤ ਸਿੰਘ ਉਰਫ਼ ਹੈਪੀ ਅਤੇ ਲਵਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ। ਬਿੱਲਾ ਮੰਡਿਆਲਾ 18 ਤੋਂ ਵੱਧ ਅਪਰਾਧਿਕ ਮਾਮਲਿਆਂ ਜਿਵੇਂ ਕਤਲ, ਕਤਲ ਦੀ ਕੋਸ਼ਿਸ਼ ਅਤੇ ਹਥਿਆਰਾਂ/ਨਸ਼ਿਆਂ ਦੀ ਤਸਕਰੀ ਆਦਿ ਵਿਚ ਸ਼ਾਮਲ ਸੀ। ਪੁਲਿਸ ਦੀਆਂ ਟੀਮਾਂ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਪਾਕਿਸਤਾਨ ਤੋਂ ਸਮੱਗਲਿੰਗ ਕੀਤੇ ਗਏ ਬਹੁਤ ਹੀ ਅਤਿ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਇਸ ਬਰਾਮਦਗੀ ਵਿਚ ਦੋ 30 ਬੋਰ ਦੀਆਂ ਡਰੱਮ ਮਸ਼ੀਨ ਗੰਨਾਂ, ਤਿੰਨ ਪਿਸਤੌਲ (ਸਿਗ ਸਾਉਰ ਮਾਰਕਾ ਵਾਲੇ ਜਰਮਨੀ ਵਿਚ ਬਣੇ), ਦੋ ਗਲੋਕ ਪਿਸਤੌਲ (ਆਸਟਰੀਆ ਵਿਚ ਬਣੇ) ਆਦਿ ਸ਼ਾਮਲ ਹਨ। 

ਦੋ 30 ਬੋਰ ਪਿਸਟਲ, ਇਕ 32 ਬੋਰ ਦਾ ਪਿਸਤੌਲ, ਇਕ 315 ਬੋਰ ਰਾਈਫ਼ਲ, 341 ਜ਼ਿੰਦਾ ਕਾਰਤੂਸ, ਦੋ ਡਰਮ ਮੈਗਜ਼ੀਨਾਂ, 14 ਪਿਸਤੌਲ ਮੈਗਜ਼ੀਨਾਂ ਦੇ ਨਾਲ ਤਿੰਨ ਲੱਖ ਅੱਠ ਸੌ ਅਠਾਰਾਂ ਰੁਪਏ ਅਤੇ ਇਕ ਸੌ ਆਸਟਰੇਲੀਅਨ ਡਾਲਰ ਦੀ ਡਰੱਗ ਮਨੀ ਸ਼ਾਮਲ ਹੈ। ਮੁੱਢਲੀ ਪੜਤਾਲ ਦੌਰਾਨ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨੇ ਖੁਲਾਸਾ ਕੀਤਾ ਹੈ ਕਿ ਉਹ ਮਿਰਜ਼ਾ ਅਤੇ ਅਹਿਦਦੀਨ ਸਮੇਤ ਵੱਖ-ਵੱਖ ਪਾਕਿਸਤਾਨ ਅਧਾਰਤ ਹਥਿਆਰਾਂ ਅਤੇ ਨਸ਼ਿਆਂ ਦੇ ਤਸਕਰਾਂ ਨਾਲ ਸੰਪਰਕ ਵਿਚ ਸੀ ਅਤੇ ਉਸ ਨੇ ਉਨ੍ਹਾਂ ਕੋਲੋਂ ਖਾਸਕਰ ਫ਼ਿਰੋਜ਼ਪੁਰ ਖੇਤਰ ਵਿਚ ਪਹਿਲਾਂ ਵੀ ਬਹੁਤ ਸਾਰੇ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਸਨ।

ਮਿਰਜ਼ਾ ਪਿਛਲੇ ਦਿਨੀਂ ਕਥਿਤ ਤੌਰ ਉਤੇ ਪਾਕਿਸਤਾਨ ਅਤੇ ਭਾਰਤ ਵਿਚ ਸਥਿਤ ਖ਼ਾਲਿਸਤਾਨ ਲਿਬ੍ਰੇਸ਼ਨ ਫੋਰਸ ਦੇ ਸੰਚਾਲਕਾਂ ਲਈ ਭਾਰਤ-ਪਾਕਿ ਸਰਹੱਦ ਉਤੇ ਕੋਰੀਅਰ ਵਜੋਂ ਕੰਮ ਕਰ ਰਿਹਾ ਸੀ ਅਤੇ ਉਸ ਨੇ ਕਈ ਹਥਿਆਰਾਂ ਦੀਆਂ ਖੇਪਾਂ ਨੂੰ ਸਫ਼ਲਤਾਪੂਰਵਕ ਭਾਰਤੀ ਖੇਤਰ ਵਿਚ ਭੇਜਿਆ ਸੀ। ਬਿੱਲਾ ਮੰਡਿਆਲਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨਾਲ ਨੇੜਲੇ ਸੰਪਰਕ ਵਿਚ ਸੀ, ਜੋ ਇਸ ਸਮੇਂ ਪਟਿਆਲਾ ਜੇਲ ਵਿਚ ਬੰਦ ਹੈ ਅਤੇ ਉਹ ਜਰਮਨੀ ਅਤੇ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨਾਂ ਨਾਲ ਸੰਪਰਕ ਵਿਚ ਹੋਣ ਦਾ ਸ਼ੱਕੀ ਹੈ। ਗੁਰਪ੍ਰੀਤ ਸੇਖੋਂ ਇੱਕ ‘ਏ’ ਸ਼੍ਰੇਣੀ ਦਾ ਗੈਂਗਸਟਰ ਹੈ ਜੋ ਪਹਿਲਾਂ ਕੇ.ਐਲ.ਐਫ. ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੇ ਸੰਪਰਕ ਵਿਚ ਰਿਹਾ ਸੀ, ਜਿਸ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ।