ਤੇਜ਼ਧਾਰ ਹਥਿਆਰਾਂ ਸਮੇਤ 9 ਗਿ੍ਰਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਹੀਆਂ ਦੇ ਨਜ਼ਦੀਕੀ ਪਿੰਡ ਨਵਾਂ ਪਿੰਡ ਦੋਨੇਵਾਲ ਵਿਖੇ ਪੁਲਿਸ ਥਾਣਾ ਲੋਹੀਆਂ ਨੂੰ ਉਸ ਵਕਤ ਭਾਰੀ ਸਫ਼ਲਤਾ ਮਿਲੀ ਜਦ ਇਕ ਦੇਸ਼ ਪ੍ਰੇਮੀ ਮੁਖ਼ਬਰ ਵਲੋਂ ਮਿਲੀ ਇਤਲਾਹ

File Photo

ਲੋਹੀਆ ਖਾਸ, 8 ਮਈ (ਰੀਨਾ ਸ਼ਰਮਾ): ਲੋਹੀਆਂ ਦੇ ਨਜ਼ਦੀਕੀ ਪਿੰਡ ਨਵਾਂ ਪਿੰਡ ਦੋਨੇਵਾਲ ਵਿਖੇ ਪੁਲਿਸ ਥਾਣਾ ਲੋਹੀਆਂ ਨੂੰ ਉਸ ਵਕਤ ਭਾਰੀ ਸਫ਼ਲਤਾ ਮਿਲੀ ਜਦ ਇਕ ਦੇਸ਼ ਪ੍ਰੇਮੀ ਮੁਖ਼ਬਰ ਵਲੋਂ ਮਿਲੀ ਇਤਲਾਹ ਉਤੇ ਪੁਲਿਸ ਥਾਣਾ ਮੁਖੀ ਸੁਖਦੇਵ ਸਿੰਘ ਅਤੇ ਏ.ਐਸ.ਆਈ. ਬਲਬੀਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਤੁਰਤ ਕਾਰਵਾਈ ਕਰ ਕੇ ਮੌਕੇ ਉਤੇ ਹਰਜੀਤ ਸਿੰਘ, ਸੰਦੀਪ, ਕਮਲਦੀਪ ਸਿੰਘ, ਤੇਜਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਜਗਤ ਨਾਰਾਇਣ, ਸੁਖਜਿੰਦਰ ਸਿੰਘ, ਗਗਨਦੀਪ ਸਿੰਘ, ਮਨਪ੍ਰੀਤ ਸਿੰਘ ਨੂੰ ਗਿ੍ਰਫ਼ਤਾਰ ਕਰ ਕੇ ਉਨ੍ਹਾਂ ਦੁਆਰਾ ਮੱਕੀ ਦੇ ਖੇਤ ਵਿਚੋਂ ਤੇਜ਼ਧਾਰ ਹਥਿਆਰਾਂ ਵਿਚ ਸ਼ਾਮਲ ਦਾਤਰ, ਕਿਰਪਾਨ, ਖੰਡਾ ਅਤੇ ਇਸ ਤੋਂ ਇਲਾਵਾ ਬੇਸਬਾਲ ਸਮੇਤ ਕਈ ਪ੍ਰਕਾਰ ਦੇ ਡਾਂਗਾਂ ਸੋਟੇ ਬਰਾਮਦ ਕੀਤੇ ਗਏ।

 ਮਿਲੀ ਸੂਚਨਾ ਅਨੁਸਾਰ ਨਵਾਂਪਿੰਡ ਦੋਨੇਵਾਲ ਦੇ ਨਿਵਾਸੀ ਸੁਰਜੀਤ ਸਿੰਘ ਜਿਸ ਨੇ ਸ਼ੇਰੇ ਏ ਪੰਜਾਬ ਸੰਸਥਾ ਬਣਾਈ ਹੋਈ ਹੈ, ਨੇ ਵੱਡੀ ਸੰਖਿਆ ਵਿਚ ਉਕਤ 9 ਯੁਵਕਾਂ ਸਮੇਤ ਢਾਈ ਦਰਜਨ ਦੇ ਕਰੀਬ ਗੁੰਡਾ ਅਨਸਰਾਂ ਨੂੰ ਬੁਲਾ ਰੱਖਿਆ ਸੀ, ਜਿਨ੍ਹਾਂ ਨੇ ਅਪਣੇ ਵਿਰੋਧੀ ਕੁਲਦੀਪ ਸਿੰਘ ਨਿੰਮਾਂ ਵਾਲਾ ਡੇਰੇ ਉਤੇ ਜਾਨਲੇਵਾ ਹਮਲਾ ਕਰਨਾ ਸੀ ਜੋ ਕਿ ਮਿਲੀ ਗੁਪਤ ਸੂਚਨਾ ਕਾਰਨ ਲੋਹੀਆਂ ਪੁਲਿਸ ਨੇ ਤੁਰਤ ਕਾਰਵਾਈ ਕਰਦੇ ਹੋਏ ਕਿਸੇ ਵੱਡੀ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਅਤੇ ਇਸ ਵਿਚ ਸ਼ਾਮਲ ਨੌ ਵਿਅਕਤੀਆਂ ਨੂੰ ਵਾਰਦਾਤ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। 

ਜਦ ਕਿ ਇਸ ਗੈਂਗਵਾਰ ਦਾ ਮਾਸਟਰਮਾਈਂਡ ਸੁਰਜੀਤ ਸਿੰਘ ਉਰਫ਼ ਸਨੀ ਥਿੰਦ ਅਪਣੇ ਕਈ ਸਾਥੀਆਂ ਸਮੇਤ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਦੋਸ਼ੀਆਂ ਵਿਰੁਧ ਮੁਕੱਦਮਾ ਦਰਜ ਲਿਆ ਗਿਆ ਹੈ। ਪੁਲਿਸ ਮੁਖੀ ਨੇ ਦਸਿਆ ਕਿ ਰਾਤ ਹੋਣ ਕਾਰਨ ਮੱਕੀ ਦੇ ਖੇਤ ਵਿਚ ਕੁੱਝ ਹਦ ਤਕ ਹਥਿਆਰ ਅਤੇ ਡਾਂਗਾਂ ਸੋਟੇ ਮਿਲੇ ਹਨ, ਤਫ਼ਤੀਸ਼ ਕਰਨ ਉਤੇ ਹੋਰ ਹਥਿਆਰਾਂ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।