ਅੱਜ ਤੋਂ ਪੰਜਾਬ 'ਚ ਪਟਵਾਰੀ ਤੇ ਕਾਨੂੰਨਗੋ ਨਾਲ ਮਾਲ ਅਫ਼ਸਰ ਵੀ ਸਮੂਹਕ ਛੁੱਟੀ 'ਤੇ ਜਾਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਅੰਦੋਲਨ ਖ਼ਤਮ ਕਰਵਾਉਣ ਲਈ ਮਾਲ ਮੰਤਰੀ ਜਿੰਪਾ ਨੂੰ ਦਿਤੀ ਹਦਾਇਤ

meeting

ਮਾਲੇਰਕੋਟਲਾ ਵਿਚ ਪਟਵਾਰੀ ਨੂੰ ਵਿਜੀਲੈਂਸ ਵਲੋਂ ਫੜੇ ਜਾਣ ਦਾ ਕਰ ਰਹੇ ਹਨ ਵਿਰੋਧ 

ਚੰਡੀਗੜ੍ਹ (ਭੁੱਲਰ) : ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਗੋ 9 ਮਈ ਤੋਂ 15 ਮਈ ਤਕ ਸਮੂਹਕ ਛੁੱਟੀ ਉਪਰ ਜਾ ਰਹੇ ਹਨ ਅਤੇ ਹੁਣ ਇਨ੍ਹਾਂ ਦੇ ਅੰਦੋਲਨ ਨੂੰ  ਮਾਲ ਅਫ਼ਸਰਾਂ ਦਾ ਸਮਰਥਨ ਵੀ ਮਿਲਿਆ ਹੈ | ਇਸ ਕਾਰਨ 9 ਮਈ ਤੋਂ ਤਹਿਸੀਲ ਦਫ਼ਤਰਾਂ ਵਿਚ ਰਜਿਸਟਰੀਆਂ ਅਤੇ ਇੰਤਕਾਲਾਂ ਤੇ ਹੋਰ ਪ੍ਰਮਾਣ ਪੱਤਰ ਬਣਾਉਣ ਆਦਿ ਦਾ ਸਾਰਾ ਕੰਮ ਠੱਪ ਹੋ ਜਾਵੇਗਾ |

ਇਸ ਤੋਂ ਪਹਿਲਾਂ 4 ਤੋਂ 6 ਮਈ ਤਕ ਵੀ ਪਟਵਾਰੀ ਤੇ ਕਾਨੂੰਗੋ ਸਮੂਹਕ ਛੁੱਟੀ 'ਤੇ ਜਾ ਚੁੱਕੇ ਹਨ |  ਉਹ ਮਾਲੇਰਕੋਟਲਾ ਦੇ ਇਕ ਪਟਵਾਰੀ ਦੀਦਾਰ ਸਿੰਘ ਨੂੰ  ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਫੜੇ ਜਾਣ ਦੇ ਮਾਮਲੇ ਨੂੰ  ਝੂਠਾ ਦਸ ਕੇ ਇਸ ਨੂੰ  ਰੱਦ ਕਰਨ ਦੀ ਮੰਗ ਕਰ ਰਹੇ ਹਨ | ਵਿਜੀਲੈਂਸ ਬਿਊਰੋ ਦਾ ਦਾਅਵਾ ਹੈ ਕਿ ਕੇਸ ਸਹੀ ਹੈ ਅਤੇ ਫੜੇ ਗਏ ਪਟਵਾਰੀ ਦੇ ਨਾਂ 'ਤੇ ਹੋਈਆਂ ਜ਼ਮੀਨਾਂ ਦੀਆਂ 30 ਰਜਿਸਟਰੀਆਂ ਤੇ 25 ਲੱਖ ਨਕਦ ਵੀ ਬਰਾਮਦ ਹੋਏ ਹਨ | 

ਇਸੇ ਦੌਰਾਨ ਸੂਬੇ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਮੁੱਖ ਮੰਤਰੀ ਵਲੋਂ ਪਟਵਾਰੀਆਂ ਤੇ ਕਾਨੂੰਗੋ ਦਾ ਅੰਦੋਲਨ ਖ਼ਤਮ ਕਰਵਾਉਣ ਲਈ ਡਿਊਟੀ ਲਾਈ ਹੈ ਪਰ ਗੱਲ ਨਹੀਂ ਬਣ ਰਹੀ | ਜਿੰਪਾ ਨੇ ਪਟਵਾਰੀ ਤੇ ਕਾਨੂੰਗੋ ਨੂੰ  ਅੰਦੋਲਨ ਖ਼ਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਗੱਲਬਾਤ ਲਈ ਵੀ ਤਿਆਰ ਹੈ ਪਰ ਰਿਸ਼ਵਤ ਦੇ ਦੋਸ਼ਾਂ ਵਿਚ ਫੜੇ ਪਟਵਾਰੀ ਨੂੰ  ਛੱਡਿਆ ਨਹੀਂ ਜਾ ਸਕਦਾ | ਜੇ ਕੁੱਝ ਗ਼ਲਤ ਹੋਇਆ ਤਾਂ ਕੋਰਟ ਵਿਚ ਨਿਤਾਰਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਸਮੇਂ ਕਾਨੂੰਗੋ ਤੇ ਪਟਵਾਰੀਆਂ ਦੀ ਹੜਤਾਲ ਗ਼ੈਰ ਕਾਨੂੰਨੀ ਹੈ ਪਰ ਸਰਕਾਰ ਸਖ਼ਤੀ ਨਹੀਂ ਕਰਨਾ ਚਾਹੁੰਦੀ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ  ਸਖ਼ਤੀ ਲਈ ਮਜਬੂਰ ਨਾ ਕੀਤਾ ਜਾਵੇ ਅਤੇ ਰਿਸ਼ਵਤਖੋਰੀ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣਾ ਚਾਹੀਦਾ ਹੈ |