ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਦਾ ਹੋਇਆ ਤਬਾਦਲਾ, ਮਨਜੀਤ ਸਿੰਘ ਟਿਵਾਣਾ ਬਣੇ ਨਵੇਂ ਜੇਲ੍ਹ ਸੁਪਰਡੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁੱਚਾ ਸਿੰਘ ਨੂੰ ਹੁਣ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਮੁੱਖ ਭਲਾਈ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ

Manjit Singh Tiwana

 

ਪਟਿਆਲਾ - ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਸੁੱਚਾ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਹੁਣ ਮਨਜੀਤ ਸਿੰਘ ਟਿਵਾਣਾ ਨਵੇਂ ਸੁਪਰਡੈਂਟ ਹੋਣਗੇ। ਦਰਅਸਲ ਸੁੱਚਾ ਸਿੰਘ 'ਤੇ ਜੇਲ੍ਹ ਵਿਚ ਤਾਇਨਾਤ ਇੱਕ ਹੋਮਗਾਰਡ ਮੁਲਾਜ਼ਮ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਦੇ ਦੋਸ਼ ਲੱਗੇ ਸਨ ਜਿਸ ਤੋਂ ਬਾਅਦ ਉਸ ਖ਼ਿਲਾਫ਼ ਬੀਤੇ ਦਿਨ ਦਰਜ ਕੀਤਾ ਗਿਆ ਸੀ ਤੇ ਪਰਚਾ ਦਰਜ ਕਰਨ ਤੋਂ ਬਾਅਦ ਅੱਜ ਜੇਲ੍ਹ ਵਿਭਾਗ ਨੇ ਉਸ ਦਾ ਤਬਾਦਲਾ ਕਰ ਦਿੱਤਾ ਹੈ। 

ਸੁੱਚਾ ਸਿੰਘ ਨੂੰ ਹੁਣ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਮੁੱਖ ਭਲਾਈ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ, ਜਦਕਿ ਕੇਦਰੀ ਜੇਲ੍ਹ ਪਟਿਆਲਾ ਵਿਚ ਹੁਣ ਮਨਜੀਤ ਸਿੰਘ ਟਿਵਾਣਾ ਨਵੇਂ ਜੇਲ੍ਹ ਸੁਪਰਡੈਂਟ ਹੋਣਗੇ। ਇਸ ਤੋਂ ਪਹਿਲਾਂ ਉਹ ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ ਦੇ ਸੁਪਰਡੈਂਟ ਸਨ। ਮਨਜੀਤ ਟਿਵਾਣਾ ਨੂੰ ਜੇਲ੍ਹ ਵਿਭਾਗ ਦੇ ਪਟਿਆਲਾ ’ਚ ਹੀ ਸਥਿਤ ਸੂਬਾਈ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਸੇ ਦੌਰਾਨ ਪਟਿਆਲਾ ਜੇਲ੍ਹ ਵਿਚ ਵਧੀਕ ਸੁਪਰਡੈਂਟ ਵਜੋਂ ਤਾਇਨਾਤ ਰਹੇ ਰਾਜਦੀਪ ਸਿੰਘ ਬਰਾੜ ਨੂੰ ਵੀ ਇੱਥੋਂ ਬਦਲ ਦੇ ਡਿਪਟੀ ਸੁਪਰਡੈਂਟ (ਐਡਮਿਨਿਸਟ੍ਰੇਸ਼ਨ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ) ਲਾਇਆ ਗਿਆ ਹੈ।

ਬਰਾੜ ਦੀ ਥਾਂ ਹੁਣ ਗੁਰਚਰਨ ਸਿੰਘ ਧਾਲੀਵਾਲ ਕੇਂਦਰੀ ਜੇਲ੍ਹ ਪਟਿਆਲਾ ਦੇ ਨਵੇਂ ਵਧੀਕ ਸੁਪਰਡੈਂਟ ਹੋਣਗੇ। ਉਹ ਜੇਲ੍ਹ ਵਿਭਾਗ ਦੇ ਪਟਿਆਲਾ ਸਥਿਤ ਸੂਬਾਈ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਸਨ। ਧਾਲੀਵਾਲ ਪਹਿਲਾਂ ਵੀ ਕਾਫ਼ੀ ਸਮਾਂ ਪਟਿਆਲਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਰਹਿ ਚੁੱਕੇ ਹਨ। ਉਨ੍ਹਾਂ ਇੱਥੇ ਕੁਝ ਸਮਾਂ ਕਾਰਜਕਾਰੀ ਜੇਲ੍ਹ ਸੁਪਰਡੈਂਟ ਵਜੋਂ ਵੀ ਸੇਵਾ ਨਿਭਾਈ ਹੈ।