ਜਲੰਧਰ 'ਚ ਲਗਿਆ ਅੱਡੀ-ਚੋਟੀ ਦਾ ਜ਼ੋਰ, ਲੋਕ ਕਿਹੜੀ ਪਾਰਟੀ ਨੂੰ ਪਾਉਣਗੇ ਵੋਟ? ਪੜ੍ਹੋ ਕੀ ਨੇ ਲੋਕਾਂ ਦੇ ਵਿਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇ ਇਹ ਸੀਟ ਆਮ ਆਦਮੀ ਪਾਰਟੀ ਕੋਲ ਚਲੀ ਜਾਵੇ ਤਾਂ ਇਥੋਂ ਦੇ ਲੋਕਾਂ ਦੇ ਵੀ ਕੰਮ ਹੋਣਗੇ।

File Photo

ਜਲੰਧਰ (ਸ਼ੈਸ਼ਵ ਨਾਗਰਾ): ਜਲੰਧਰ ਲੋਕ ਸਭਾ ਜ਼ਿਮਨੀ ਚੋਣ ਹੋਣ ਵਿਚ ਇਕ ਦਿਨ ਰਹਿ ਗਿਆ ਹੈ ਤੇ ਸਾਰੀਆਂ ਪਾਰਟੀ ਨੇ ਅਪਣੀ ਤਾਕਤ ਲਗਾਈ ਹੋਈ ਹੈ। ਇਸ ਚੋਣ ਬਾਰੇ ਲੀਡਰਾਂ ਦੇ ਨਾਲ-ਨਾਲ ਲੋਕਾਂ ਦੇ ਮਨਾਂ ਦੀਆਂ ਜਾਣਨ ਲਈ ਰੋਜ਼ਾਨਾ ਸਪੋਕਮੈਨ ਨੇ ਜਲੰਧਰ ਦੇ ਲੋਕਾਂ ਨਾਲ ਖ਼ਾਸ ਗੱਲਬਾਤ ਕੀਤੀ ਤੇ ਜਾਣਿਆ ਕਿ ਉਹ ਕਿਹੜੇ ਮੁੱਦਿਆਂ ਨੂੰ ਅੱਗੇ ਰੱਖ ਕੇ ਵੋਟ ਪਾਉਣਗੇ। ਇਕ ਵਿਅਕਤੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੱਭ ਤੋਂ ਪਹਿਲੇ ਨੰਬਰ ’ਤੇ ਆਮ ਆਦਮੀ ਪਾਰਟੀ ਹੈ ਕਿਉਂਕਿ ਉਸ ਨੇ ਥੋੜ੍ਹੇ ਸਮੇਂ ਵਿਚ ਹੀ ਬਹੁਤ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਸੀਟ ਆਮ ਆਦਮੀ ਪਾਰਟੀ ਕੋਲ ਚਲੀ ਜਾਵੇ ਤਾਂ ਇਥੋਂ ਦੇ ਲੋਕਾਂ ਦੇ ਵੀ ਕੰਮ ਹੋਣਗੇ।

ਇਕ ਹੋਰ ਨੌਜਵਾਨ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਫ਼ਸਵੀਂ ਟੱਕਰ ਹੈ, ਕੰਮ ਦੋਹਾਂ ਪਾਰਟੀਆਂ ਨੇ ਠੀਕ ਕੀਤੇ ਹਨ ਪਰ ਸਾਡੀ ਮੁੱਖ ਮੰਗ ਇਹ ਹੈ ਕਿ ਪਿੰਡਾਂ ਵਿਚੋਂ ਨਸ਼ਾ ਖ਼ਤਮ ਹੋਣਾ ਚਾਹੀਦਾ ਹੈ, ਦੁਕਾਨਾਂ ਤੋਂ ਬੀੜੀਆਂ ਅਤੇ ਸਿਗਰਟਾਂ ’ਤੇ ਪਾਬੰਦੀ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਨੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਹਨ ਤੇ ਹੋਰ ਕਈ ਕੰਮ ਕੀਤੇ ਹਨ ਤਾਂ ਕਰ ਕੇ ਸ਼ਾਇਦ ਉਹ ਆ ਸਕਦੀ ਹੈ ਪਰ ਬਾਕੀ ਅਜੇ ਪੂਰੀ ਤਸਵੀਰ ਸਾਫ਼ ਨਹੀਂ ਹੈ।

ਇਕ ਹੋਰ ਬਜ਼ੁਰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚ ਟੱਕਰ ਹੈ ਤੇ ਕਾਂਗਰਸ ਦਾ ਕੰਮ ਵੀ ਡਾਵਾਂਡੋਲ ਹੀ ਹੈ ਅਤੇ ਅਕਾਲੀ ਦਲ ਦਾ ਪੱਤਾ ਤਾਂ ਬਿਲਕੁਲ ਸਾਫ਼ ਹੈ। ਬਜ਼ੁਰਗ ਨੇ ਕਿਹਾ ਕਿ ਜਿਹੜੇ ਲੋਕ ਜਿਸ ਪਾਰਟੀ ਤੋਂ ਵਿਕ ਜਾਂਦੇ ਨੇ ਉਸ ਨੂੰ ਹੀ ਵੋਟ ਪਾ ਦਿੰਦੇ ਨੇ ਪਰ ਲੋਕਾਂ ਨੂੰ ਮੌਕਾ ਸੰਭਾਲਣਾ ਚਾਹੀਦਾ ਹੈ। 

ਇਸ ਨਾਲ ਹੀ ਇਕ ਮਹਿਲਾ ਨੇ ਗੱਲ ਕਰਦਿਆਂ ਕਿਹਾ ਕਿ ਨਾ ਤਾਂ ਪਹਿਲਾਂ ਮੋਦੀ ਨੇ ਕੰਮ ਕੀਤਾ ਤੇ ਨਾ ਹੀ ਹੁਣ ਭਗਵੰਤ ਮਾਨ ਨੇ ਕੀਤਾ ਕਿਉਂਕਿ ਨਾ ਤਾਂ ਮਹਿਲਾਵਾਂ ਨੂੰ ਪੈਸੇ ਮਿਲੇ ਤੇ ਨਾ ਹੀ ਉਨ੍ਹਾਂ ਦੀ ਨਰੇਗਾ ਦੀ ਕੋਈ ਦਿਹਾੜੀ ਪੈਂਦੀ ਹੈ। ਸਰਕਾਰ ਨੇ ਸਲੰਡਰ ਵੀ ਸਸਤਾ ਕਰਨ ਲਈ ਕਿਹਾ ਸੀ ਉਹ ਵੀ ਨਹੀਂ ਹੋਇਆ। ਮਹਿਲਾ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਵਾਰ ਤਾਂ ਪੰਜੇ ਨੂੰ ਵੋਟ ਪਾਏਗਾ ਕਿਉਂਕਿ ਪਹਿਲਾਂ ਉਨ੍ਹਾਂ ਨੇ ਦੂਜੀਆਂ ਪਾਰਟੀਆਂ ਨੂੰ ਵੋਟ ਪਾ ਕੇ ਦੇਖ ਲਈ, ਉਨ੍ਹਾਂ ਨੇ ਕੁੱਝ ਨਹੀਂ ਕੀਤਾ।

 ਇਕ ਹੋਰ ਮਹਿਲਾ ਨੇ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਈ ਤੇ ਕਿਹਾ ਕਿ ਅਕਾਲੀ ਦਲ ਨੇ ਵੀ ਕੰਮ ਚੰਗੇ ਕੀਤੇ ਹਨ ਕਿਉਂਕਿ ਉਸ ਸਮੇਂ ਪੈਨਸ਼ਨ ਚੰਗੀ ਮਿਲਦੀ ਸੀ ਪਰ ਹੁਣ ਤਾਂ 1500 ਤੋਂ ਵੱਧ ਪੈਨਸ਼ਨ ਨਹੀਂ ਮਿਲਦੀ ਸਰਕਾਰ ਨੇ ਵਧਾਉਣ ਲਈ ਕਿਹਾ ਸੀ ਪਰ ਅਜੇ ਤਕ ਨਹੀਂ ਵਧੀ, ਜਿਧਰ ਝੁਕਾਅ ਹੋਇਆ ਉਧਰ ਹੀ ਵੋਟ ਪਾਈ ਜਾਵੇਗੀ।