ਦਵਿੰਦਰ ਸ਼ੂਟਰ ਗੈਂਗ ਦੇ ਚਾਰ ਮੈਂਬਰ ਤਿੰਨ ਪਿਸਤੌਲਾਂ, 16 ਕਾਰਤੂਸਾਂ ਤੇ ਨਸ਼ੀਲੇ ਪਾਊਡਰ ਸਮੇਤ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਪੁਲਿਸ ਨੇ ਦਵਿੰਦਰ ਸ਼ੂਟਰ ਗੈਂਗ ਦੇ ਚਾਰ ਮੈਂਬਰ ਅਸਲੇ ਅਤੇ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ...........

Police Officer Giving Information

ਮੋਗਾ, 8 ਜੂਨ (ਅਮਜਦ ਖ਼ਾਨ/ਜਸਵਿੰਦਰ ਧੱਲੇਕੇ) : ਮੋਗਾ ਪੁਲਿਸ ਨੇ ਦਵਿੰਦਰ ਸ਼ੂਟਰ ਗੈਂਗ ਦੇ ਚਾਰ ਮੈਂਬਰ ਅਸਲੇ ਅਤੇ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਜ਼ੀਰ ਸਿੰਘ ਐਸ.ਪੀ. (ਆਈ) ਨੇ ਐਸ.ਐਸ.ਪੀ. ਦਫ਼ਤਰ ਦੇ ਮੀਟਿੰਗ ਹਾਲ ਵਿਚ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਅਤੇ ਇੰਸਪੈਕਟਰ ਜੰਗਜੀਤ ਸਿੰਘ ਐਸ.ਐਚ.ਓ. ਥਾਣਾ ਬਾਘਾਪੁਰਾਣਾ ਨੇ ਪੁਲਿਸ ਪਾਰਟੀ ਸਮੇਤ ਬਾਘਾਪੁਰਾਣਾ ਤੋਂ ਭਗਤਾ ਭਾਈ ਨੂੰ ਜਾਂਦੀ ਸੜਕ ਦੇ ਸੇਮ ਨਾਲੇ ਦੇ ਪੁਲ 'ਤੇ ਨਾਕਾਬੰਦੀ ਕੀਤੀ ਹੋਈ ਸੀ

ਤਾਂ ਦੋ ਵੱਖ-ਵੱਖ ਮੋਟਰਸਾਈਕਲਾਂ 'ਤੇ ਆ ਰਹੇ ਚਾਰ ਨੌਜਵਾਨਾਂ ਨੂੰ ਰੋਕਿਆ ਤਾਂ ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਪਾਸੋਂ 1300 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਦੀ ਪਹਿਚਾਣ ਜਸਪ੍ਰੀਤ ਸਿੰਘ ਉਰਫ ਲਾਡੀ ਵਾਸੀ ਫਰੀਦਕੋਟ, ਰਾਕੇਸ਼ ਕੁਮਾਰ ਵਾਸੀ ਬਠਿੰਡਾ, ਅੰਮ੍ਰਿਤਪਾਲ ਸਿੰਘ ਵਾਸੀ ਬਠਿੰਡਾ ਅਤੇ ਅਜੈ ਕੁਮਾਰ ਵਾਸੀ ਫਰੀਦਕੋਟ ਵਜੋਂ ਹੋਈ। 

ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਤਿੰਨ ਪਿਸਤੌਲ ਅਤੇ 16 ਕਾਰਤੂਸ ਛੁਪਾ ਕੇ ਰੱਖੇ ਹੋਏ ਹਨ, ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਹੀ ਅਸਲਾ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਸਬੰਧ ਦਵਿੰਦਰ ਸਿੰਘ ਸ਼ੂਟਰ ਵਾਸੀ ਬੰਬੀਹਾ ਭਾਈ ਦੇ ਗਰੁੱਪ ਨਾਲ ਪਾਏ ਗਏ। ਦਵਿੰਦਰ ਬੰਬੀਹਾ ਦੀ ਮੌਤ ਤੋਂ ਬਾਅਦ ਇਨ੍ਹਾਂ ਦੇ ਗੈਂਗ ਦੇ ਲੀਡਰ ਲਖਵਿੰਦਰ ਸਿੰਘ ਉਰਫ ਲੱਖਾ ਬਾਬਾ ਵਾਸੀ ਮੀਰਾਂਕੋਟ ਅਤੇ ਅਮਨ ਉਰਫ਼ ਅਮਨਾ ਵਾਸੀ ਜੈਤੋ ਨਾਲ ਹਨ।

ਅਮਨਾ ਪੁਲਿਸ ਨੂੰ ਕਈ ਕੇਸਾਂ ਵਿਚ ਲੋੜੀਂਦਾ ਹੈ ਅਤੇ ਭਗੌੜਾ ਹੈ। ਗ੍ਰਿਫਤਾਰ ਕੀਤਾ ਗਿਆ ਅਜੈ ਕੁਮਾਰ ਥਾਣਾ ਸਿਟੀ ਫਰੀਦਕੋਟ ਦੇ ਕਤਲ ਦੇ ਮੁਕੱਦਮੇ 'ਚ ਭਗੌੜਾ ਹੈ ਅਤੇ ਰਾਕੇਸ਼ ਕੁਮਾਰ ਉਰਫ ਕਾਕੂ ਇਰਾਦਾ ਕਤਲ ਦੇ ਕੇਸ ਵਿਚ ਭਗੌੜਾ ਹੈ, ਚਾਰਾਂ ਵਿਰੁਧ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।  
ਤਸਵੀਰ ਨੰਬਰ :8 ਮੋਗਾ 2